- ਰਿਟਾਇਰ ਫੌਜੀ ਦੇ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ
- ਕੰਧ ਪਾੜ ਕੇ ਕੀਤਾ ਲੱਖਾਂ ਦਾ ਸਾਮਾਨ ਚੋਰੀ
ਗੁਰਦਾਸਪੁਰ, 11 ਫਰਵਰੀ 2024 – ਗੁਰਦਾਸਪੁਰ ਦੇ ਕਸਬਾ ਹਰਚੋਵਾਲ ਸ਼ਹਿਰ ‘ਚ ਪੁਲਿਸ ਮੁਲਾਜ਼ਮ ਅਤੇ ਸਰਕਾਰੀ ਅਧਿਆਪਕ ਦੇ ਲੜਕਿਆਂ ਨੇ ਸੇਵਾਮੁਕਤ ਫੌਜੀ ਅਮਰੀਕ ਸਿੰਘ ਦੇ ਕੱਪੜੇ ਅਤੇ ਮੁਨਿਆਰੀ ਦੇ ਸ਼ੋਅਰੂਮ ਦੀ ਕੰਧ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਚੋਰੀ ਦੀ ਸਾਰੀ ਘਟਨਾ ਸ਼ੋਅਰੂਮ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਥਾਣਾ ਸਦਰ ਦੀ ਪੁਲੀਸ ਨੇ ਪੀੜਤ ਸਾਬਕਾ ਫੌਜੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਚੋਰਾਂ ਦੀ ਇਸ ਜੋੜੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਤੇ ਸਾਬਕਾ ਫੌਜੀ ਅਮਰੀਕ ਸਿੰਘ ਤੇ ਉਸ ਦੇ ਪਿਤਾ ਸੁਲੱਖਣ ਸਿੰਘ ਨੇ ਦੱਸਿਆ ਕਿ ਚੋਰਾਂ ਦੇ ਇਸ ਜੋੜੇ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ ਇੱਕ ਪੁਲੀਸ ਅਧਿਕਾਰੀ ਦਾ ਪੁੱਤਰ ਹੈ ਅਤੇ ਦੂਜਾ ਸਰਕਾਰੀ ਅਧਿਆਪਕ। ਇਹ ਦੋਵੇਂ ਲੜਕੇ ਨਸ਼ੇ ਦੇ ਆਦੀ ਹਨ। ਆਪਣੇ ਨਸ਼ੇ ਦੀ ਪੂਰਤੀ ਲਈ ਉਹ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਅਮਰੀਕ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਉਸ ਦੇ ਸ਼ੋਅਰੂਮ ਵਿੱਚੋਂ ਕਰੀਬ 5 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਦੇ ਇਸ ਜੋੜੇ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ |
ਇਸ ਦੇ ਨਾਲ ਹੀ ਜਦੋਂ ਇਸ ਮਾਮਲੇ ਸਬੰਧੀ ਥਾਣਾ ਹਰਚੋਵਾਲ ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਚੋਰੀ ਦੇ ਮਾਮਲੇ ‘ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।