ਚੰਡੀਗੜ੍ਹ, 17 ਫਰਵਰੀ 2024 – ਸਿੱਖਿਆ ਵਿਭਾਗ ਪੰਜਾਬ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਜਲਦ ਹੀ ਖੁਸ਼ਖ਼ਬਰੀ ਦੇਣ ਜਾ ਰਿਹਾ ਹੈ। ਦਰਅਸਲ, ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਸੇਵਾਮੁਕਤ ਪੈਨਸ਼ਨਰਾਂ ਨੂੰ ਜਲਦੀ ਹੀ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਮਿਲੇਗਾ।
ਉਕਤ ਭਰੋਸਾ ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਜੋ ਕਿ ਮਿੰਨੀ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਸੀ, ਉਸ ਮੀਟਿੰਗ ਵਿੱਚ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦ ਨੇ ਦਿੱਤਾ।
ਮੀਟਿੰਗ ਵਿੱਚ ਸਿੱਖਿਆ ਵਿਭਾਗ ਦੀ ਤਰਫੋਂ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ, ਮੈਡਮ ਗੋਰੀ ਪਰਾਸ਼ਰ ਜੋਸ਼ੀ ਆਈ.ਏ. ਐਸ. ਵਿਸ਼ੇਸ਼ ਸਿੱਖਿਆ ਸਕੱਤਰ, ਸਹਾਇਕ ਡਾਇਰੈਕਟਰ ਮਹੇਸ਼ ਕੁਮਾਰ, ਸੁਪਰਡੈਂਟ ਸਿੱਖਿਆ-3 ਅਤੇ ਹੋਰ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।
ਜਦੋਂਕਿ ਯੂਨੀਅਨ ਦੀ ਤਰਫੋਂ ਸੂਬਾ ਪ੍ਰਧਾਨ ਐਨ.ਐਨ.ਸੈਣੀ ਅਤੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਦੀ ਅਗਵਾਈ ਹੇਠ ਵਫ਼ਦ ਨੇ ਸ਼ਮੂਲੀਅਤ ਕੀਤੀ।
ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰਘ ਰੂਪਨਗਰ ਨੇ ਦੱਸਿਆ ਕਿ ਮੀਟਿੰਗ ਵਿੱਚ ਸਿੱਖਿਆ ਸਕੱਤਰ ਨੇ ਛੇਵਾਂ ਤਨਖਾਹ ਕਮਿਸ਼ਨ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ।
ਕਿਉਂਕਿ ਇਸ ਸਬੰਧੀ ਵਿੱਤ ਮੰਤਰੀ ਪਹਿਲਾਂ ਹੀ ਸਿਧਾਂਤਕ ਤੌਰ ’ਤੇ ਸਹਿਮਤੀ ਦੇ ਚੁੱਕੇ ਹਨ। ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ ਅੰਤਮ ਕਾਡਰ ਦੇ ਅਧਿਆਪਕਾਂ ਦੀਆਂ 4400 ਰੁਪਏ ਗ੍ਰੇਡ ਪੇਅ ਸਮੇਤ ਦਸੰਬਰ 2023 ਤੱਕ ਰੋਕੀਆਂ ਗਈਆਂ ਤਨਖਾਹਾਂ ਜਾਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ।
ਇਸ ਮੌਕੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਬਦਲੀ ਨੀਤੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਬੰਧੀ ਸਬੰਧਤ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਗਿਆ।
ਜਦਕਿ ਏਡਿਡ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਦੇਣ ਦੇ ਮੁੱਦੇ, ਪੋਸਟ ਆਡਿਟ ਸੀ.ਪੀ.ਐਫ. ਅਤੇ ਹੋਰ ਮੁੱਦਿਆਂ ਬਾਰੇ ਵੀ ਜ਼ਰੂਰੀ ਹੁਕਮ ਜਾਰੀ ਕੀਤੇ ਗਏ।