- ਚੋਣ ਅਧਿਕਾਰੀ ਅਨਿਲ ਮਸੀਹ ਨੂੰ ਜਾਰੀ ਕੀਤਾ ਨੋਟਿਸ
- ਕਿਹਾ- ਅਨਿਲ ਮਸੀਹ ਨੇ ਅਦਾਲਤ ‘ਚ ਬੋਲਿਆ ਝੂਠ
ਨਵੀਂ ਦਿੱਲੀ, 20 ਫਰਵਰੀ 2024 – ਚੰਡੀਗੜ੍ਹ ਮੇਅਰ ਚੋਣਾਂ ਵਿੱਚ ਹੋਈਆਂ ਬੇਨਿਯਮੀਆਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪੁਰਾਣੇ ਨਤੀਜਿਆਂ ਨੂੰ ਰੱਦ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਜੇਤੂ ਕਰਾਰ ਦਿੱਤਾ ਹੈ। ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਰਿਟਰਨਿੰਗ ਅਫ਼ਸਰ ਵੱਲੋਂ ਰੱਦ ਕੀਤੀਆਂ ਸਾਰੀਆਂ 8 ਵੋਟਾਂ ਨੂੰ ਜਾਇਜ਼ ਕਰਾਰ ਦੇਣ ਦੇ ਨਿਰਦੇਸ਼ ਦਿੱਤੇ ਹਨ। ਰਿਟਰਨਿੰਗ ਅਫ਼ਸਰ ਨੇ ਇਨ੍ਹਾਂ ਸਾਰੀਆਂ ਵੋਟਾਂ ਦੇ ਬੈਲਟ ਪੇਪਰਾਂ ‘ਤੇ ਕਰਾਸ ਲਗਾ ਦਿੱਤਾ ਸੀ।
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਮੰਗਲਵਾਰ (20 ਫਰਵਰੀ) ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ ਮੇਅਰ ਕਰਾਰ ਦਿੰਦਿਆਂ ਭਾਜਪਾ ਉਮੀਦਵਾਰ ਦੀ ਜਿੱਤ ਰੱਦ ਕਰ ਦਿੱਤੀ। ਚੋਣ ਅਧਿਕਾਰੀ (ਰਿਟਰਨਿੰਗ ਅਫਸਰ) ਨੂੰ ਨੋਟਿਸ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਸ ਅਧਿਕਾਰੀ ਨੇ ਝੂਠ ਬੋਲਿਆ।
ਮਾਮਲੇ ਦੀ ਸੁਣਵਾਈ ਕਰਦੇ ਹੋਏ ਸੀਜੇਆਈ ਨੇ ਕਿਹਾ ਕਿ ਸਾਰੀਆਂ 8 ਵੋਟਾਂ ਪਟੀਸ਼ਨਰ ਉਮੀਦਵਾਰ ਕੁਲਦੀਪ ਕੁਮਾਰ ਦੇ ਹੱਕ ਵਿੱਚ ਪਈਆਂ। ਰਿਟਰਨਿੰਗ ਅਫਸਰ ਨੇ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਗਲਤ ਕੰਮ ਕੀਤਾ। ਅਸੀਂ ਬੀਤੇ ਕੱਲ੍ਹ ਸੋਮਵਾਰ ਨੂੰ ਸਵਾਲ ਪੁੱਛਣ ਤੋਂ ਪਹਿਲਾਂ ਅਸੀਂ ਅਨਿਲ ਮਸੀਹ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਸੀ। ਰਿਟਰਨਿੰਗ ਅਫ਼ਸਰ ਨੇ 8 ਬੈਲਟ ਪੇਪਰਾਂ ‘ਤੇ ਨਿਸ਼ਾਨ ਲਗਾਇਆ। ਰਿਟਰਨਿੰਗ ਅਫਸਰ ਨੇ ਗੁਨਾਹ ਕੀਤਾ ਹੈ। ਇਸ ਲਈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਦਰਅਸਲ, ਸੋਮਵਾਰ ਨੂੰ ਰਿਟਰਨਿੰਗ ਅਫਸਰ ਨੇ ਸੀਜੇਆਈ ਬੈਂਚ ਦੇ ਸਾਹਮਣੇ ਕਬੂਲ ਕੀਤਾ ਸੀ ਕਿ ਬੈਲਟ ਪੇਪਰ ‘ਤੇ ਉਨ੍ਹਾਂ ਨੇ ਹੀ ਕਰਾਸ ਲਗਾਇਆ ਸੀ। ਰਿਟਰਨਿੰਗ ਅਧਿਕਾਰੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਦਾਲਤ ਨੇ ਚੋਣਾਂ ਨਾਲ ਸਬੰਧਤ ਸਾਰੀਆਂ ਅਸਲੀ ਵੀਡੀਓ ਰਿਕਾਰਡਿੰਗ ਅਤੇ ਦਸਤਾਵੇਜ਼ ਮੰਗੇ ਸਨ। ਰਿਟਰਨਿੰਗ ਅਫਸਰ ਦੀ ਵੀਡੀਓ ਅਤੇ ਬੈਲਟ ਪੇਪਰ ਵੀ ਕੋਰਟ ਰੂਮ ਵਿੱਚ ਜਮ੍ਹਾ ਕਰਵਾਏ ਗਏ।
ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਕੁਲਦੀਪ ਕੁਮਾਰ ਨੇ ਪ੍ਰੀਜ਼ਾਈਡਿੰਗ ਅਫਸਰ ਯਾਨੀ ਰਿਟਰਨਿੰਗ ਅਫਸਰ ਵੱਲੋਂ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ 8 ਵੋਟਾਂ ਨੂੰ ਅਯੋਗ ਕਰਾਰ ਦੇਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।