ਖਨੌਰੀ ਬਾਰਡਰ, 22 ਫਰਵਰੀ 2024 – ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ (ਵੀਰਵਾਰ) 10ਵਾਂ ਦਿਨ ਹੈ। ਕਿਸਾਨਾਂ ਨੇ ਦਿੱਲੀ ਜਾਣ ਦੀ ਆਪਣੀ ਯੋਜਨਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਕਿਸਾਨਾਂ ਨੇ ਇਹ ਫੈਸਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਅਤੇ ਖਨੌਰੀ ਸਰਹੱਦ ‘ਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਲਿਆ ਹੈ। ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਅਗਲਾ ਫੈਸਲਾ 23 ਫਰਵਰੀ ਨੂੰ ਲਿਆ ਜਾਵੇਗਾ।
ਪੰਧੇਰ ਨੇ ਪੁਲਿਸ ਗੋਲੀਬਾਰੀ ਦੀ ਫੋਟੋ ਜਾਰੀ ਕਰਦਿਆਂ ਕਿਹਾ – “ਸ਼ੁਭਕਰਨ ਸਿੰਘ (23, ਪਿੰਡ ਬਲੋਹ, ਜ਼ਿਲ੍ਹਾ ਬਠਿੰਡਾ) ਦੀ ਮੌਤ ਹੋ ਗਈ ਹੈ। ਪੰਧੇਰ ਨੇ ਕਿਹਾ ਕਿ ਮੈਂ ਮੌਕੇ ਤੋਂ ਸਿਰ ‘ਤੇ ਗੋਲੀ ਮਾਰਨ ਵਾਲੇ ਦੀ ਫੋਟੋ ਸਾਂਝੀ ਕਰ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ‘ਤੇ ਸਿੱਧੀ ਗੋਲੀਬਾਰੀ ਹੁੰਦੀ ਦਿੱਖ ਰਹੀ ਹੈ। ਪੰਧੇਰ ਨੇ ਕਿਹਾ ਕਿ ਜਿਹੜੀ ਤਸਵੀਰ ਮੈਂ ਸਾਂਝੀ ਕਰ ਰਿਹਾ ਹਾਂ, ਉਸ ‘ਚ ਐਸਐਲਆਰ ਨਾਲ ਸਿੱਧੀ ਫਾਇਰਿੰਗ ਕੀਤੀ ਜਾ ਰਹੀ ਹੈ।”