- ਪ੍ਰਧਾਨ ਧਾਮੀ ਨੇ ਸਾਈਬਰ ਸੁਰੱਖਿਆ ਡਿਵੀਜ਼ਨ ਦੇ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ
ਅੰਮ੍ਰਿਤਸਰ, 22 ਫਰਵਰੀ 2024 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਦੋ ਪੋਸਟਾਂ ਭਾਰਤ ਵਿੱਚ ਸੋਸ਼ਲ ਮੀਡੀਆ ਐਕਸ ਦੁਆਰਾ ਰੋਕ ਦਿੱਤੀਆਂ ਗਈਆਂ ਹਨ। ਐਕਸ ਨੇ ਇਹ ਕਦਮ ਭਾਰਤ ਸਰਕਾਰ (GOI) ਦੇ ਹੁਕਮਾਂ ‘ਤੇ ਚੁੱਕਿਆ ਹੈ। ਇਸ ਵਿੱਚ ਇੱਕ ਪੋਸਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਹੈ, ਜਦੋਂ ਕਿ ਦੂਜੀ ਪੋਸਟ ਨਵੰਬਰ ਦੀ ਹੈ ਅਤੇ ਇਸ ਵਿੱਚ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਦਮ ਦੀ ਨਿਖੇਧੀ ਕੀਤੀ ਹੈ ਐਸਜੀਪੀਸੀ ਨੇ ਕਿਹਾ- ਅਸੀਂ ਐਕਸ ਦੀ ਇਸ ਕਾਰਵਾਈ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹਾਂ। ਸਾਡੀਆਂ ਦੋ ਐਕਸ ਪੋਸਟਾਂ ਨੂੰ ਰੋਕਣ ਬਾਰੇ ਇੱਕ ਮੇਲ ਭੇਜੀ ਗਈ ਸੀ। ਇੱਕ ਪੋਸਟ ਵਿੱਚ SGPC ਪ੍ਰਧਾਨ ਦਾ ਬਿਆਨ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਸਰਕਾਰ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।
ਭਾਈਚਾਰੇ ਦੇ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਪ੍ਰਗਟ ਕਰਨਾ ਸਾਡੀ ਸੰਵਿਧਾਨਕ ਅਤੇ ਪ੍ਰਤੀਨਿਧ ਸੰਸਥਾ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦਾ ਮੁੱਦਾ ਲੋਕਤੰਤਰੀ ਢੰਗ ਨਾਲ ਸਰਕਾਰ ਕੋਲ ਉਠਾਉਣਾ ਕੋਈ ਗਲਤ ਨਹੀਂ ਹੈ। ਜਦੋਂ ਕਿ, ਦੂਜੀ ਪੋਸਟ ਇੱਕ ਵਧਾਈ ਸੰਦੇਸ਼ ਹੈ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਅਰਦਾਸ (ਸਿੱਖ ਅਰਦਾਸ) ਦਾ ਹਿੱਸਾ ਹੈ।
ਸੋਸ਼ਲ ਮੀਡੀਆ ਨੇ ਐਸਜੀਪੀਸੀ ਨੂੰ ਇੱਕ ਈ-ਮੇਲ ਭੇਜ ਕੇ ਸੂਚਿਤ ਕੀਤਾ ਹੈ ਕਿ ਦੋਵੇਂ ਪੋਸਟਾਂ ਭਾਰਤ ਵਿੱਚ ਰੋਕ ਦਿੱਤੀਆਂ ਜਾਣਗੀਆਂ। ਈਮੇਲ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਇਨ੍ਹਾਂ ਦੋਵਾਂ ਪੋਸਟਾਂ ’ਤੇ ਇਤਰਾਜ਼ ਜਤਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਸਰਕਾਰ ਕੇਂਦਰੀ ਸਿੱਖ ਤੀਰਥ ਅਸਥਾਨ ਦੀ ਧਾਰਮਿਕ ਸਮੱਗਰੀ ਨੂੰ ਵੀ ਰੋਕਣ ਲਈ ਐਕਸ ਨੂੰ ਕਹਿ ਰਹੀ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਭਾਰਤ ਸਰਕਾਰ ਦੇ ਸਾਈਬਰ ਸੁਰੱਖਿਆ ਵਿਭਾਗ ਦੇ ਸਕੱਤਰ ਨੂੰ ਇੱਕ ਈਮੇਲ ਭੇਜ ਕੇ ਤੁਰੰਤ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਭਾਰਤ ਸਰਕਾਰ ਦੇ ਸਬੰਧਤ ਵਿਭਾਗ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਾਡੀਆਂ X ਪੋਸਟਾਂ ਦੀ ਸਮੱਗਰੀ ਵਿੱਚ IT ਐਕਟ, 2000 ਦੇ ਅਨੁਸਾਰ ‘ਗੈਰ-ਕਾਨੂੰਨੀ’ ਕੀ ਹੈ।