- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਭਰੋਸਾ ਹਾਸਲ ਕਰਨ ਲਈ ਛੋਟੇ-ਮੋਟੇ ਕੰਮ ਕਰਨ ਲਈ ਪੀੜਤਾਂ ਨੂੰ ਦਿੰਦੇ ਸਨ ਪੈਸੇ : ਡੀਜੀਪੀ ਗੌਰਵ ਯਾਦਵ
- ਮੁੱਢਲੀ ਜਾਂਚ ਅਨੁਸਾਰ ਵਿਦੇਸ਼ ਬੈਠੇ ਸਰਗਨਾ ਕ੍ਰਿਪਟੋਕਰੰਸੀ ਰਾਹੀਂ ਪ੍ਰਾਪਤ ਕਰ ਰਹੇ ਸਨ ਪੈਸੇ : ਏਡੀਜੀਪੀ ਵੀ. ਨੀਰਜਾ
ਚੰਡੀਗੜ੍ਹ, 22 ਫਰਵਰੀ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਅਸਾਮ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਚਾਰ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰਰਾਸ਼ਟਰੀ ਆਨਲਾਈਨ ਜੌਬ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।
ਇਹ ਗਿਰੋਹ ਦੇ ‘ਟੈਲੀਗ੍ਰਾਮ ’ ਮੋਬਾਈਲ ਐਪ ਦੇ ਗਰੁੱਪਾਂ ਦੀ ਵਰਤੋਂ ਕਰਕੇ “ਵਰਕ ਫਰਾਮ ਹੋਮ ’’ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰਕੇ ਭੋਲੇ-ਭਾਲੇ ਵਿਅਕਤੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ।
”ਡੀਜੀਪੀ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਭਰੋਸਾ ਹਾਸਲ ਕਰਨ ਲਈ ਪਹਿਲਾਂ ਪੀੜਤਾਂ ਨੂੰ ਛੋਟੇ-ਮੋਟੇ ਕੰਮ ਕਰਨ ਬਦਲੇ ਥੋੜ੍ਹੀ ਜਿਹੀ ਰਕਮ ਅਦਾ ਕਰਦੇ ਸਨ। ਬਾਅਦ ਵਿੱਚ, ਪੀੜਤ ਨੂੰ ਵੱਡੀ ਰਕਮ ਵਾਪਸ ਕਰਨ ਦਾ ਲਾਲਚ ਦੇ ਕੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਠੱਗਦੇ ਸਨ । ਉਨ੍ਹਾਂ ਕਿਹਾ ਕਿ ਇਹਨਾਂ ਗ੍ਰਿਫਤਾਰੀਆਂ ਨਾਲ ਪੰਜਾਬ ਪੁਲਿਸ ਨੇ ਪੂਰੇ ਦੇਸ਼ ਵਿੱਚ ਵੱਡੇ ਪੱਧਰ ’ਤੇ ਫੈਲੇ ਸਾਈਬਰ ਧੋਖਾਧੜੀ ਗਠਜੋੜ ਨੂੰ ਨੱਥ ਪਾਉਣ ਲਈ ਵੱਡੀ ਪੁਲਾਂਘ ਪੁੱਟੀ ਹੈ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਹੀਰੁਲ ਇਸਲਾਮ, ਰਫੀਉਲ ਇਸਲਾਮ, ਮਹਿਬੂਬ ਆਲਮ ਅਤੇ ਅਜ਼ੀਜ਼ੁਰ ਰਹਿਮਾਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਦੋ ਸਵਾਈਪ ਮਸ਼ੀਨਾਂ, ਦੋ ਬਾਇਓਮੈਟ੍ਰਿਕ ਸਕੈਨਰ, ਇੱਕ ਆਈ ਸਕੈਨਰ, ਇੱਕ ਫਿੰਗਰਪ੍ਰਿੰਟ ਸਕੈਨਰ, 38 ਪੈਨ ਕਾਰਡ, 32 ਡੈਬਿਟ/ਕ੍ਰੈਡਿਟ ਕਾਰਡ, 16 ਸਿਮ ਕਾਰਡ, 10 ਵੋਟਰ ਕਾਰਡ, 9 ਆਧਾਰ ਕਾਰਡ, 10 ਬੈਂਕ ਖਾਤੇ ਦੀਆਂ ਪਾਸਬੁੱਕਾਂ/ਚੈੱਕਬੁੱਕਾਂ ,ਪੰਜ ਸਰਕਾਰੀ ਰਸੀਦੀ ਟਿਕਟਾਂ, ਪੰਜ ਮੋਬਾਈਲ ਫ਼ੋਨ, ਇੱਕ ਲੈਪਟਾਪ, ਦੋ ਪੈਨ ਡਰਾਈਵਾਂ ਅਤੇ ਇੱਕ ਐਸਬੀਆਈ ਆਈਡੀ ਕਾਰਡ ਬਰਾਮਦ ਕੀਤਾ ਹੈ।
ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਧੋਖੇਬਾਜ਼ਾਂ ਦੁਆਰਾ 25 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ, ਐਸਆਈ ਜੁਝਾਰ ਸਿੰਘ ਜੰਜੂਆ ਅਤੇ ਐਸਆਈ ਦਵਿੰਦਰ ਕਾਸ਼ਨੀ ਦੀ ਅਗਵਾਈ ਵਿੱਚ ਸਾਈਬਰ ਕ੍ਰਾਈਮ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਗਿਰੋਹ ਅਸਾਮ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਚਲਾਇਆ ਜਾ ਰਿਹਾ ਸੀ।
ਆਪ੍ਰੇਸ਼ਨ ਦੌਰਾਨ, ਮੁਲਜ਼ਮ ਜਹੀਰੁਲ ਇਸਲਾਮ ਅਤੇ ਰਫੀਉਲ ਇਸਲਾਮ ਨੂੰ ਆਸਾਮ ਦੇ ਨਗਾਓਂ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਕਸਟਮਰ ਸਰਵਿਸਿਜ਼ ਪੁਆਇੰਟ (ਸੀਐਸਪੀ) ਚਲਾ ਰਹੇ ਸਨ ਅਤੇ ਸੁਖਾਲੇ ਢੰਗ ਨਾਲ ਪੈਸੇ ਕਮਾਉਣ ਲਈ ਉਹ ਆਮ ਲੋਕਾਂ ਦੇ ਦਸਤਾਵੇਜ਼ਾਂ ਦੇ ਅਡੋਬ ਫੋਟੋਸ਼ਾਪ ਸਾਫਟਵੇਅਰ ਦੀ ਵਰਤੋਂ ਕਰਕੇ ਡੁਪਲੀਕੇਟ ਪੈਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਬਣਾਉਂਦੇ ਸਨ, ਜਿਨ੍ਹਾਂ ਦੀ ਵਰਤੋਂ ਉਨ੍ਹਾਂ ਨੇ ਬੈਂਕ ਖਾਤੇ ਖੋਲ੍ਹਣ ਅਤੇ ਇਕ ਹੋਰ ਦੋਸ਼ੀ ਮਹਿਬੂਬ ਆਲਮ ਦੇ ਨਿਰਦੇਸ਼ਾਂ ’ਤੇ ਸਿਮ ਕਾਰਡ ਪ੍ਰਾਪਤ ਕਰਨ ਲਈ ਕੀਤੀ ਸੀ।
ਏਡੀਜੀਪੀ ਨੇ ਕਿਹਾ ਕਿ ਇਸ ਤੋਂ ਬਾਅਦ ਮਹਿਬੂਬ ਆਲਮ ਨੂੰ ਗੁਹਾਟੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਉਹ ਅਜ਼ੀਜ਼ੁਰ ਰਹਿਮਾਨ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੇ ਉਸ ਨੂੰ ਕਮਿਸ਼ਨ ਦੇ ਆਧਾਰ ’ਤੇ ਬੈਂਕ ਖਾਤੇ ਮੁਹੱਈਆ ਕਰਵਾਉਣ ਲਈ ਕਿਹਾ ਸੀ। ਪੁਲਿਸ ਟੀਮਾਂ ਨੇ ਆਸਾਮ ਦੇ ਮੋਰੀਗਾਂਵ ਜ਼ਿਲ੍ਹੇ ਤੋਂ ਮੁਲਜ਼ਮ ਅਜ਼ੀਜ਼ੁਰ ਰਹਿਮਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਵੇਰਵਿਆਂ ਨੂੰ ਸਾਂਝੇ ਕਰਦੇ ਹੋਏ ਡੀ.ਆਈ.ਜੀ. ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੁਣ ਤੱਕ 23 ਰਾਜਾਂ ਦੇ 160 ਪੀੜਤਾਂ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਦੌਰਾਨ ਹੋਰ ਪੀੜਤਾਂ ਦੀ ਪਛਾਣ ਹੋਣ ਦੀ ਸੰਭਾਵਨਾ ਹੈ।
ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਸਰਗਨਾ, ਜੋ ਵਿਦੇਸ਼ਾਂ ਤੋਂ ਇਸ ਧੋਖਾਧੜੀ ਦੇ ਰੈਕੇਟ ਨੂੰ ਚਲਾ ਰਹੇ ਹਨ, ਕ੍ਰਿਪਟੋਕਰੰਸੀ ਵਿੱਚ ਪੈਸੇ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਡੀਐਸਪੀ ਸਾਈਬਰ ਕ੍ਰਾਈਮ, ਪ੍ਰਭਜੋਤ ਕੌਰ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਆਸ ਹੈ।
ਇਸ ਸਬੰਧੀ ਇੱਕ ਕੇਸ ਨੰ. 29 ਮਿਤੀ 13/10/2023 ਨੂੰ ਐਸ.ਏ.ਐਸ.ਨਗਰ ਵਿਖੇ ਸਟੇਟ ਸਾਈਬਰ ਕ੍ਰਾਈਮ ਵਿਖੇ ਆਈ.ਪੀ.ਸੀ. ਦੀ ਧਾਰਾ 420 ਅਤੇ 120-ਬੀ ਦੇ ਤਹਿਤ ਦਰਜ ਕੀਤਾ ਗਿਆ ਹੈ।
ਡੱਬੀ : ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਤੋਂ ਸਾਵਧਾਨ ਰਹੋ
- ‘ ਵਰਕ ਫਰਾਮ ਹੋਮ ’ ਵਰਗੇ ਆਸਾਨ ਪੈਸੇ ਕਮਾਉਣ ਦੇ ਲਾਲਚ ਦੇਣ ਵਾਲੇ ਟੈਲੀਗ੍ਰਾਮ ਗਰੁੱਪਾਂ ਤੋਂ ਬਚੋ
- ਵੱਡੀ ਵਾਪਸੀ ਦੇ ਲਾਲਚ ਵਿੱਚ ਕਦੇ ਵੀ ਕਿਸੇ ਨੂੰ ਆਨਲਾਈਨ ਭੁਗਤਾਨ ਨਾ ਕਰੋ
- ਅਣਜਾਣ ਸਰੋਤਾਂ ਤੋਂ ਲਿੰਕਾਂ ’ਤੇ ਕਲਿੱਕ ਕਰਨ ਜਾਂ ਫਾਈਲਾਂ ਨੂੰ ਡਾਊਨਲੋਡ ਕਰਨ ਤੋਂ ਬਚੋ
- ਕਿਸੇ ਵੀ ਐਪ ’ਤੇ ਕਦੇ ਵੀ ਡੈਬਿਟ/ਕ੍ਰੈਡਿਟ ਕਾਰਡ ਜਾਂ ਬੈਂਕ ਦੇ ਵੇਰਵੇ ਸਾਂਝੇ ਨਾ ਕਰੋ
- ਛੋਟਾਂ ਅਤੇ ਇਨਾਮਾਂ ਦੀ ਪੇਸ਼ਕਸ਼ ਕਰਨ ਵਾਲੇ ਲਿੰਕਾਂ ’ਤੇ ਕਦੇ ਵੀ ਕਲਿੱਕ ਨਾ ਕਰੋ
-ਹਰੇਕ ਖਾਤੇ ਲਈ ਵਿਲੱਖਣ ਪਾਸਵਰਡ ਦੀ ਵਰਤੋਂ ਕਰੋ ਅਤੇ ਇਸਨੂੰ ਬਦਲਦੇ ਰਹੋ।