ਸ਼ੰਭੂ ਬਾਰਡਰ, 24 ਫਰਵਰੀ 2024 – ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ‘ਦਿੱਲੀ ਚਲੋ’ ਮਾਰਚ 29 ਫਰਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ ਕਿਸਾਨ ਜਥੇਬੰਦੀ ਦੇ ਆਗੂ ਸਰਬਣ ਸਿੰਘ ਪੰਧੇਰ ਨੇ ਖਨੌਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅਗਲੀ ਰਣਨੀਤੀ 29 ਫਰਵਰੀ ਨੂੰ ਤੈਅ ਕੀਤੀ ਜਾਵੇਗੀ ਅਤੇ “ਅਸੀਂ ਸਾਰੇ ਦੁਖੀ ਹਾਂ, ਅਸੀਂ ਆਪਣੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਗੁਆ ਦਿੱਤਾ ਹੈ। ਅਸੀਂ ਫੈਸਲਾ ਕੀਤਾ ਹੈ ਕਿ 24 ਫਰਵਰੀ ਨੂੰ ਅਸੀਂ ਕੈਂਡਲ ਮਾਰਚ ਕੱਢਾਂਗੇ।”
ਇਸ ਤੋਂ ਪਹਿਲਾਂ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਕਾਲਾ ਦਿਵਸ ਮਨਾਇਆ। ਸ਼ੰਭੂ ਸਰਹੱਦ ‘ਤੇ ਕਿਸਾਨਾਂ ਨੇ ਕਾਲੇ ਝੰਡੇ ਲਹਿਰਾਏ ਅਤੇ ਕਾਲੀਆਂ ਪੱਟੀਆਂ ਬੰਨ੍ਹੀਆਂ। ਹਰਿਆਣਾ ਪੁਲੀਸ ਨੇ ਅੰਦੋਲਨਕਾਰੀ ਕਿਸਾਨ ਆਗੂਆਂ ਖ਼ਿਲਾਫ਼ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਕਾਰਵਾਈ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ।
ਕਿਸਾਨ ਆਗੂ ਪੰਧੇਰ ਨੇ ਦੱਸਿਆ ਕਿ 26 ਫਰਵਰੀ ਨੂੰ ਡਬਲਯੂ.ਟੀ.ਓ (ਵਿਸ਼ਵ ਵਪਾਰ ਸੰਗਠਨ) ਦੀ ਮੀਟਿੰਗ ਹੈ ਅਤੇ 25 ਫਰਵਰੀ ਨੂੰ ਅਸੀਂ ਸ਼ੰਭੂ ਅਤੇ ਖਨੌਰੀ ਦੋਵਾਂ ਥਾਵਾਂ ‘ਤੇ ਸੈਮੀਨਾਰ ਕਰਾਂਗੇ ਕਿ ਕਿਵੇਂ ਡਬਲਯੂ.ਟੀ.ਓ. ਕਿਸਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕਿਸਾਨ ਆਗੂ ਨੇ ਕਿਹਾ, “ਅਸੀਂ WTO ਦਾ ਪੁਤਲਾ ਸਾੜਾਂਗੇ। WTO ਹੀ ਨਹੀਂ, ਅਸੀਂ ਕਾਰਪੋਰੇਟ ਅਤੇ ਸਰਕਾਰ ਦਾ ਵੀ ਪੁਤਲਾ ਫੂਕਾਂਗੇ।”
ਭਾਰਤੀ ਕਿਸਾਨ ਯੂਨੀਅਨ ਨੌਜ਼ਵਾਨ ਦੇ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਖੇੜੀ ਚੋਪਟਾ ਦੇ ਕਿਸਾਨ ਸਾਡੇ ਨਾਲ ਖਨੌਰੀ ਬਾਰਡਰ ‘ਤੇ ਆਉਣਾ ਚਾਹੁੰਦੇ ਹਨ। ਪੁਲਿਸ ਨੇ ਉਨ੍ਹਾਂ ‘ਤੇ ਹਮਲਾ ਕੀਤਾ, ਉਨ੍ਹਾਂ ਨੇ ਟਰੈਕਰਾਂ ਦੇ ਟਾਇਰ ਪੰਕਚਰ ਕਰ ਦਿੱਤੇ। 21 ਫਰਵਰੀ ਨੂੰ ਹਰਿਆਣਾ ਪੁਲਿਸ ਨੇ ਕਿਸਾਨਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ। ਹਰਿਆਣਾ ਪੁਲਿਸ ਕਿਸਾਨਾਂ ਖਿਲਾਫ ਫਰਜ਼ੀ ਐਫਆਈਆਰ ਦਰਜ ਕਰ ਰਹੀ ਹੈ। ਹਰਿਆਣਾ ਪੁਲਿਸ ਨੇ ਖਾਲਸਾ ਏਡ ਅਤੇ ਪੰਜ ਮੈਡੀਕਲ ਕੈਂਪਾਂ ‘ਤੇ ਹਮਲਾ ਕੀਤਾ ਹੈ। ਭਾਰਤ ਵਰਗੇ ਲੋਕਤੰਤਰ ਵਿੱਚ ਇਹ ਬਰਦਾਸ਼ਤਯੋਗ ਨਹੀਂ ਹੈ।” ਕਿਸਾਨ ਆਗੂ ਨੇ ਕਿਹਾ, “ਅਸੀਂ ਸੁਪਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਪੇਸ਼ ਕਰਨਾ ਚਾਹੁੰਦੇ ਹਾਂ। ਸਰਹੱਦ ‘ਤੇ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਹੁਣ ਸਰਕਾਰ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।