- ਕੁਲਦੀਪ ਕੁਮਾਰ ਰਿਟਰਨਿੰਗ ਅਫਸਰ ਹੋਣਗੇ
ਚੰਡੀਗੜ੍ਹ, 24 ਫਰਵਰੀ 2024 (ਬਲਜੀਤ ਮਰਵਾਹਾ) – ਚੰਡੀਗੜ੍ਹ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ 27 ਫਰਵਰੀ ਮੰਗਲਵਾਰ ਨੂੰ ਹੋਵੇਗੀ। ਇਸ ਦੇ ਲਈ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਵਿੱਚ ਗਠਜੋੜ ਦੇ ਮੇਅਰ ਕੁਲਦੀਪ ਕੁਮਾਰ ਨੂੰ ਇਸ ਚੋਣ ਲਈ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਹ ਚੋਣ ਸਵੇਰੇ 10:00 ਵਜੇ ਕਰਵਾਈ ਜਾਵੇਗੀ।
ਇਸ ਵਿੱਚ ਜਿਹੜੇ ਉਮੀਦਵਾਰ ਪਹਿਲਾਂ ਦਾਖਲ ਹੋਏ ਸਨ, ਉਹੀ ਉਮੀਦਵਾਰ ਰਹਿਣਗੇ। ਇਸ ਲਈ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਗਠਜੋੜ ਵੱਲੋਂ ਕਾਂਗਰਸੀ ਕੌਂਸਲਰ ਗੁਰਪ੍ਰੀਤ ਗੱਪੀ ਅਤੇ ਭਾਜਪਾ ਵੱਲੋਂ ਕੁਲਜੀਤ ਸਿੰਘ ਸੰਧੂ ਦਰਮਿਆਨ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਡਿਪਟੀ ਮੇਅਰ ਲਈ ਕਾਂਗਰਸੀ ਕੌਂਸਲਰ ਉਰਮਿਲਾ ਅਤੇ ਰਾਜਿੰਦਰ ਸਿੰਘ ਗਠਜੋੜ ਦੇ ਉਮੀਦਵਾਰ ਹੋਣਗੇ।
ਚੰਡੀਗੜ੍ਹ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦਾ ਮੇਅਰ ਬਣ ਗਿਆ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਆਪਣੇ ਤਿੰਨ ਕੌਂਸਲਰਾਂ ਦੀ ਘਰ ਵਾਪਸੀ ਦੀ ਉਮੀਦ ਹੈ। ਕਿਉਂਕਿ ਉਹ ਮੁੜ ਚੋਣ ਦੀ ਉਮੀਦ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਾਰੇ ਕੌਂਸਲਰਾਂ ਨੂੰ ਪੰਚਕੂਲਾ ਦੇ ਪੀਡਬਲਯੂਡੀ ਗੈਸਟ ਹਾਊਸ ਵਿੱਚ ਰੱਖਿਆ ਹੋਇਆ ਹੈ।
ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਗੁਰਚਰਨ ਕਾਲਾ, ਪੂਨਮ ਅਤੇ ਸੁਮਨ ਅਜੇ ਤੱਕ ਆਪਣੇ ਘਰ ਨਹੀਂ ਪਹੁੰਚੇ। ਇਸ ਕਾਰਨ ਆਮ ਆਦਮੀ ਪਾਰਟੀ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕਰ ਪਾ ਰਹੀ ਹੈ।
ਚੰਡੀਗੜ੍ਹ ਨਗਰ ਨਿਗਮ ਦੀਆਂ ਕੁੱਲ 36 ਵੋਟਾਂ ਹਨ ਜਿਨ੍ਹਾਂ ਵਿਚ 35 ਕੌਂਸਲਰਾਂ ਅਤੇ ਇਕ ਸੰਸਦ ਮੈਂਬਰ ਦੀਆਂ ਵੋਟਾਂ ਹਨ। ਇਨ੍ਹਾਂ ਵਿੱਚੋਂ ਭਾਜਪਾ ਕੋਲ ਇਸ ਵੇਲੇ 17 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਦੀਆਂ ਵੋਟਾਂ ਸਮੇਤ ਕੁੱਲ 18 ਵੋਟਾਂ ਹਨ। ਜਦੋਂਕਿ ਗਠਜੋੜ ਕੋਲ ਕਾਂਗਰਸ ਦੀਆਂ 7 ਵੋਟਾਂ ਅਤੇ ਆਮ ਆਦਮੀ ਪਾਰਟੀ ਦੀਆਂ 10 ਵੋਟਾਂ ਸਮੇਤ ਕੁੱਲ 17 ਵੋਟਾਂ ਹਨ। ਇੱਕ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ। ਜਿਨ੍ਹਾਂ ਨੇ ਪਿਛਲੀਆਂ ਚੋਣਾਂ ਵਿੱਚ ਭਾਜਪਾ ਨੂੰ ਵੋਟ ਪਾਈ ਸੀ।