ਆਪ ਤੇ ਕਾਂਗਰਸ ਵਿਚਾਲੇ ਹੋਇਆ ਗਠਜੋੜ, ਦਿੱਲੀ ‘ਆਪ’ 4 ਅਤੇ ਕਾਂਗਰਸ 3 ਸੀਟਾਂ ‘ਤੇ ਲੜੇਗੀ ਚੋਣ

  • ਗੁਜਰਾਤ, ਹਰਿਆਣਾ, ਗੋਆ ਅਤੇ ਚੰਡੀਗੜ੍ਹ ਵਿੱਚ ਵੀ ਦੋਵਾਂ ਵਿਚਾਲੇ ਹੋਇਆ ਗਠਜੋੜ

ਨਵੀਂ ਦਿੱਲੀ, 24 ਫਰਵਰੀ 2024 – ਲੋਕ ਸਭਾ ਚੋਣਾਂ 2024 ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਮਝੌਤਾ ਹੋ ਗਿਆ ਹੈ। ਅੱਜ ਦਿੱਲੀ ਵਿੱਚ ਦੋਵਾਂ ਪਾਰਟੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਸੀਟਾਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ। ਪ੍ਰੈੱਸ ਕਾਨਫਰੰਸ ‘ਚ ‘ਆਪ’ ਵਲੋਂ ਆਤਿਸ਼ੀ, ਸੰਦੀਪ ਪਾਠਕ ਅਤੇ ਸੌਰਭ ਭਾਰਦਵਾਜ, ਕਾਂਗਰਸ ਵਲੋਂ ਮੁਕੁਲ ਵਾਸਨਿਕ, ਦੀਪਕ ਬਾਬਰੀਆ ਅਤੇ ਅਰਵਿੰਦਰ ਸਿੰਘ ਲਵਲੀ ਸ਼ਾਮਿਲ ਹੋਏ | ਕਾਂਗਰਸ ਨੇਤਾ ਮੁਕੁਲ ਵਾਸਨਿਕ ਨੇ ਕਿਹਾ ਕਿ ਇੰਡੀਆ ਬਲਾਕ ‘ਚ ਸ਼ਾਮਲ ਪਾਰਟੀਆਂ ਵਿਚਾਲੇ ਸੀਟ ਵੰਡ ‘ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਤੋਂ ਦੋ ਦਿਨ ਪਹਿਲਾਂ ਸਪਾ-ਕਾਂਗਰਸ ਗਠਜੋੜ ਦਾ ਐਲਾਨ ਲਖਨਊ ਵਿੱਚ ਕੀਤਾ ਗਿਆ ਸੀ।

ਦੋਵਾਂ ਪਾਰਟੀਆਂ ਦੇ ਲੀਡਰਾਂ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ‘ਆਪ’ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ‘ਤੇ ਲੰਬੀ ਚਰਚਾ ਹੋਈ ਅਤੇ ਸੀਟ ਵੰਡ ਸਮਝੌਤਾ ਤੈਅ ਹੋ ਗਿਆ। ਮੁਕੁਲ ਵਾਸਨਿਕ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਿੱਲੀ ਦੀਆਂ 4 ਸੀਟਾਂ ‘ਤੇ ਚੋਣ ਲੜੇਗੀ। ਕਾਂਗਰਸ ਨੂੰ ਚਾਂਦਨੀ ਚੌਕ ਸਮੇਤ 3 ਸੀਟਾਂ ਮਿਲੀਆਂ ਹਨ। ਜਦਕਿ ਕਾਂਗਰਸ ਚੰਡੀਗੜ੍ਹ ਲੋਕ ਸਭਾ ਸੀਟ ਅਤੇ ਗੋਆ ਦੋਵਾਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ। ਹਰਿਆਣਾ ‘ਚ ਕਾਂਗਰਸ 9 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ 1 ਸੀਟ ‘ਤੇ ਚੋਣ ਲੜੇਗੀ। ਗੁਜਰਾਤ ‘ਚ ਆਮ ਆਦਮੀ ਪਾਰਟੀ 2 ਸੀਟਾਂ ‘ਤੇ ਅਤੇ ਕਾਂਗਰਸ 24 ਸੀਟਾਂ ‘ਤੇ ਚੋਣ ਲੜੇਗੀ। ਆਮ ਆਦਮੀ ਪਾਰਟੀ ਦਿੱਲੀ ਵਿੱਚ ਨਵੀਂ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ। ਜਦੋਂ ਕਿ ਕਾਂਗਰਸ ਉੱਤਰ ਪੂਰਬ, ਉੱਤਰੀ ਪੱਛਮੀ ਅਤੇ ਚਾਂਦਨੀ ਚੌਕ ਸੀਟਾਂ ‘ਤੇ ਚੋਣ ਲੜੇਗੀ।

ਗੁਜਰਾਤ ਵਿੱਚ ਆਮ ਆਦਮੀ ਪਾਰਟੀ ਭਰੂਚ ਅਤੇ ਭਾਵਨਗਰ ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ। ਜਦਕਿ ਹਰਿਆਣਾ ਵਿੱਚ ਇਹ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਖੜ੍ਹਾ ਕਰੇਗੀ। ਮੁਕੁਲ ਵਾਸਨਿਕ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਲੋਕਤੰਤਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ‘ਆਪ’-ਕਾਂਗਰਸ ਨੇ ਮਿਲ ਕੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪੋ-ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜਾਂਗੇ, ਪਰ ਇਕਜੁੱਟ ਹੋ ਕੇ ਲੜਾਂਗੇ ਅਤੇ ਭਾਜਪਾ ਨੂੰ ਹਰਾਵਾਂਗੇ | ਦੋਵਾਂ ਪਾਰਟੀਆਂ ਨੇ ਪੰਜਾਬ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਸ ਸਰਹੱਦੀ ਸੂਬੇ ਵਿੱਚ ‘ਏਕਲਾ ਚੱਲੋ ਰੇ’ ਦੀ ਰਣਨੀਤੀ ਅਪਣਾਉਣ ਦਾ ਫੈਸਲਾ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯੂਪੀ ਦੇ ਕਾਸਗੰਜ ‘ਚ ਟਰੈਕਟਰ-ਟਰਾਲੀ ਸਣੇ ਛੱਪੜ ‘ਚ ਪਲਟਿਆ, 15 ਮੌ+ਤਾਂ

ਪੰਜਾਬ ਦੇ CS ਨੇ ਹਰਿਆਣਾ ਨੂੰ ਲਿਖਿਆ ਪੱਤਰ: ਲਾਪਤਾ ਹੋਏ ਪ੍ਰਿਤਪਾਲ ਤੇ ਹੋਰ ਕਿਸਾਨਾਂ ਨੂੰ ਸੌਂਪਣ ਦੀ ਕੀਤੀ ਮੰਗ