- ਰਾਘਵ ਚੱਢਾ ਦੀ ਨਿਯੁਕਤੀ ਨਾਲ ਪੰਜਾਬ ਯੂਨਿਟ ਵਿੱਚ ਨਵਾਂ ਜੋਸ਼ ਭਰੇਗਾ-ਭਗਵੰਤ ਮਾਨ
- ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ : ਰਾਘਵ ਚੱਢਾ
ਚੰਡੀਗੜ੍ਹ, 20 ਦਸੰਬਰ 2020 – ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਨੌਜਵਾਨ ਵਿਧਾਇਕ ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਸਹਿ ਇੰਚਾਰਜ ਲਗਾਇਆ ਗਿਆ। ਜਰਨੈਲ ਸਿੰਘ ਪਾਰਟੀ ਦੇ ਇੰਚਾਰਜ ਵਜੋਂ ਕੰਮ ਕਰਦੇ ਰਹਿਣਗੇ, ਉਨਾਂ ਨਾਲ ਰਾਘਵ ਚੱਢਾ ਨੂੰ ਸਹਿ ਇੰਚਾਰਜ ਵਜੋਂ ਲਗਾਇਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੌਜਵਾਨ ਆਗੂ ਰਾਘਵ ਚੱਢਾ ਦੇ ਤਜ਼ਰਬੇ ਤੋਂ ਹੁਣ ਪੰਜਾਬ ਵਿੱਚ ਕੰਮ ਲਿਆ ਜਾਵੇਗਾ। ਉਨਾਂ ਕਿਹਾ ਕਿ ਰਾਘਵ ਚੱਢਾ ਪਾਰਟੀ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰਨ ਵਾਲੇ ਜਾਝਰੂ ਅਤੇ ਮਿਹਨਤੀ ਆਗੂ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰਾਘਵ ਚੱਢਾ ਨੂੰ ਸਹਿ ਇੰਚਾਰਜ ਲਗਾਉਣ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਸਹਿ ਇੰਚਾਰਜ ਬਣਨ ਉੱਤੇ ਉਨਾਂ ਰਾਘਵ ਚੱਢਾ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਰਾਘਵ ਚੱਢਾ ਦੇ ਸਹਿ ਇੰਚਾਰਜ ਬਣਨ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ। ਉਨਾਂ ਕਿਹਾ ਕਿ ਸਿਰੜੀ ਅਤੇ ਮਿਹਨਤੀ ਆਗੂ ਪੰਜਾਬ ਦੇ ਨੌਜਵਾਨਾਂ ਵਿਚ ਇਕ ਨਵੀਂ ਰੂਹ ਭਰਨਗੇ। ਉਨਾਂ ਕਿਹਾ ਕਿ ਰਾਘਵ ਚੱਢਾ ਪੰਜਾਬ ਅਤੇ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰਾਂ ਸਮਝਦੇ ਹਨ।
ਰਾਘਵ ਚੱਢਾ ਨੇ ਪੰਜਾਬ ਦਾ ਸਹਿ ਇੰਚਾਰਜ ਨਿਯੁਕਤ ਕਰਨ ’ਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਪਾਰਟੀ ਨੇ ਜਿਹੜੀਆਂ ਉਮੀਦਾਂ ਦੇ ਨਾਲ ਉਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਉਨਾਂ ਨੂੰ ਉਹ ਤਨਦੇਹੀ ਅਤੇ ਮਿਹਨਤ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਹੋਰ ਸਖਤ ਮਿਹਨਤ ਕੀਤੀ ਜਾਵੇਗੀ। ਪੰਜਾਬ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਨੇ ਵਾਰੋ-ਵਾਰੀ ਸੱਤਾ ’ਤੇ ਰਹਿੰਦੇ ਹੋਏ ਭਿ੍ਰਸ਼ਟਾਚਾਰ ਕਰਕੇ ਲੁੱਟਿਆ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਬੁਲੰਦੀਆਂ ਉਤੇ ਲੈ ਕੇ ਜਾਣ ਲਈ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ।
ਰਾਘਵ ਚੱਢਾ ਵਿਧਾਨ ਸਭਾ ਖੇਤਰ ਰਾਜਿੰਦਰ ਨਗਰ ਤੋਂ ਵਿਧਾਇਕ, ਪਾਰਟੀ ਦੇ ਬੁਲਾਰੇ, ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਹਨ। ਕਿੱਤੇ ਵਜੋਂ ਇਕ ਚਾਰਟਡ ਅਕਾਉਂਟੈਂਟ (ਸੀਏ) ਹਨ। ਉਹ ਸਭ ਤੋਂ ਨੌਜਵਾਨ ਰਾਸ਼ਟਰੀ ਬੁਲਾਰੇ ਅਤੇ ਪਾਰਟੀ ’ਚ ਸਭ ਤੋਂ ਘੱਟ ਉਮਰ ਦੇ ਬੁਲਾਰੇ ਹਨ। ਉਹ ਪਾਰਟੀ ਵਿਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਹੋਏ ਇਕ ਮਜ਼ਬੂਤ ਰਾਜਨੀਤਿਕ ਆਗੂ ਵਜੋਂ ਉਭਰੇ ਹਨ।