- ਕੰਕਰੀਟ ਦੀਆਂ ਕੰਧਾਂ ਤੋੜਨ ਲੱਗੀ ਪੁਲਿਸ
ਨਵੀਂ ਦਿੱਲੀ, 25 ਫਰਵਰੀ 2024 – ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਦਿੱਲੀ ਦੇ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ, ਜੋ ਕਿ ਪੁਲਿਸ ਵੱਲੋਂ ਭਾਰੀ ਬੈਰੀਕੇਡਿੰਗ ਕਰਕੇ ਬੰਦ ਕੀਤੇ ਹੋਏ ਸਨ, ਨੂੰ ਅਸਥਾਈ ਤੌਰ ‘ਤੇ ਖੋਲ੍ਹ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਸੋਨੀਪਤ ਵਿੱਚ ਕੁੰਡਲੀ (ਸਿੰਘੂ) ਬਾਰਡਰ ਅਤੇ ਬਹਾਦੁਰਗੜ੍ਹ ਵਿੱਚ ਟਿੱਕਰੀ ਬਾਰਡਰ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਵੱਲੋਂ ਟਿੱਕਰੀ ਬਾਰਡਰ ‘ਤੇ ਲਗਾਏ ਗਏ ਕੰਟੇਨਰ ਅਤੇ ਪੱਥਰ ਹਟਾਏ ਜਾ ਰਹੇ ਹਨ। ਹਾਲਾਂਕਿ ਸ਼ੁਰੂਆਤ ‘ਚ ਇਕ ਪਾਸੇ ਵਾਲੀ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਝੜੌਦਾ ਸਰਹੱਦ ‘ਤੇ ਵੀ ਸਾਈਡ ਮੂਵਮੈਂਟ ਸ਼ੁਰੂ ਹੋ ਗਈ ਹੈ। ਹਾਲਾਂਕਿ ਕੁੰਡਲੀ ‘ਚ ਨੈਸ਼ਨਲ ਹਾਈਵੇ-44 ‘ਤੇ ਸੀਮਿੰਟ ਦੀ ਕੰਧ ਅਤੇ ਬੈਰੀਕੇਡ ਹਟਾਉਣ ‘ਚ ਦੋ ਤੋਂ ਤਿੰਨ ਦਿਨ ਲੱਗ ਸਕਦੇ ਹਨ। ਫਿਲਹਾਲ ਇੱਥੇ ਦੋਵੇਂ ਪਾਸੇ ਸਰਵਿਸ ਲੇਨ ਖੋਲ੍ਹੀ ਜਾ ਰਹੀ ਹੈ। ਫਲਾਈਓਵਰ ਬੰਦ ਰਹੇਗਾ।
ਕਿਸਾਨਾਂ ਵੱਲੋਂ ‘ਦਿੱਲੀ ਕੂਚ’ 29 ਫਰਵਰੀ ਤੱਕ ਮੁਲਤਵੀ ਕਰਨ ਤੋਂ ਬਾਅਦ ਦਿੱਲੀ ਪੁਲਸ ਨੇ ਹਰਿਆਣਾ ਨਾਲ ਲੱਗਦੀ ਸਰਹੱਦ ਨੂੰ ਅੰਸ਼ਕ ਤੌਰ ‘ਤੇ ਦੁਬਾਰਾ ਖੋਲ੍ਹ ਦਿੱਤਾ ਹੈ। ਪੁਲੀਸ ਵੱਲੋਂ ਰੱਖੇ ਕੰਟੇਨਰ ਅਤੇ ਪੱਥਰ ਹਟਾਏ ਜਾ ਰਹੇ ਹਨ। ਦਰਅਸਲ, ਕਿਸਾਨਾਂ ਦੇ ‘ਦਿੱਲੀ ਕੂਚ’ ਦੇ ਮੱਦੇਨਜ਼ਰ ਹਰਿਆਣਾ ਨਾਲ ਲੱਗਦੀ ਸਿੰਘੂ ਅਤੇ ਟਿੱਕਰੀ ਸਰਹੱਦ ਨੂੰ ਕਰੀਬ ਦੋ ਹਫ਼ਤਿਆਂ ਤੋਂ ਸੀਲ ਕੀਤਾ ਹੋਇਆ ਸੀ। ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।