ਮੋਹਾਲੀ, 25 ਫਰਵਰੀ 2024 – ਚਿੜੀਆਘਰ ਛੱਤਬੀਤ ਵਿਖੇ ਪ੍ਰਸ਼ਾਸਨ ਵੱਲੋ ਹਿਰਨ ਸਫਾਰੀ ਅਤੇ ਚਿੜੀਆਘਰ ਛੱਤਬੀੜ ਅੰਦਰ ਕੁੱਝ ਹਿਰਨਾ ਦੇ ਵਾੜੇ ਦਰਸ਼ਕਾ ਦੇ ਦੇਖਣ ਲਈ ਆਰਜ਼ੀ ਤੌਰ ਤੇ ਬੰਦ ਕੀਤੇ ਗਏ ਹਨ ਕਿਉਂਕਿ ਪਿਛਲੇ ਦਿਨੀ ਚਿੜੀਆਘਰ ਛੱਤਬੀੜ ਦੇ ਨਾਲ ਲਗਦੇ ਪਿੰਡਾਂ ਵਿੱਚ ਪਾਲਤੂ ਪਸ਼ੂਆਂ ਵਿਚ ਮੂੰਹ-ਖੁਰ ਦੀ ਬਿਮਾਰੀ ਆਉਣ ਦੀਆਂ ਖਬਰਾਂ ਪ੍ਰਾਪਤ ਹੋਈਆਂ ਸਨ ਅਤੇ ਚਿੜੀਆਘਰ ਛੱਤਬੀੜ ਵਿੱਚ ਇਕ ਸਾਂਬਰ ਹਿਰਨ ਦੇ ਵਿਚੋਂ ਮੂੰਹ-ਖੁਰ ਦੀ ਬਿਮਾਰੀ ਦੇ ਲੱਛਣ ਪਾਏ ਗਏ ਸਨ ਜਿਸ ਦਾ ਟੈਸਟ ਪੋਜੀਟਿਵ ਆਇਆ ਸੀ।
ਕਿਉਂਕਿ ਮੂੰਹ-ਖੁਰ ਦੀ ਬਿਮਾਰੀ ਇੱਕ ਤੇਜੀ ਨਾਲ ਫੈਲਣ ਵਾਲੀ ਬਿਮਾਰੀ ਹੈ ਜੋ ਕਿ ਪਾਲਤੂ ਪਸੂਆ, ਗਾਵਾਂ, ਮੱਝਾਂ, ਸ਼ੱਕਰੀਆਂ ਆਦਿ ਨੂੰ ਹੁੰਦੀ ਹੈ ਅਤੇ ਹਵਾ ਵਿੱਚ ਵੀ ਤੇਜੀ ਨਾਲ ਫੈਲਦੀ ਹੈ ਇਸ ਲਈ ਸਾਵਧਾਨੀ ਵਰਤਦੇ ਹੋਏ ਐਨੀਮਲ ਹਸਪੈਂਡਰੀ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਰਜ਼ੀ ਤੌਰ ਤੇ ਥੋੜੇ ਸਮੇਂ ਲਈ ਹਿਰਨ ਸਫਾਰੀ ਅਤੇ ਕੁੱਝ ਹਿਰਨਾਂ ਦੇ ਵਾੜੇ ਚਿੜੀਆਘਰ ਛੱਤਬੀੜ ਵਿਖੇ ਬੰਦ ਕੀਤੇ ਗਏ ਹਨ।
ਫੀਲਡ ਡਾਇਰੈਕਟਰ ਕਲਪਨਾ ਕੇ ਨੇ ਦੱਸਿਆ ਕੇ ਸਾਲ 2018 ਵਿੱਚ ਵੀ ਚਿੜੀਆਘਰ ਛੱਤਬੀੜ ਵਿੱਚ ਮੂੰਹ-ਖੁਰ ਦੀ ਬਿਮਾਰੀ ਆਈ ਸੀ ਉਸ ਸਮੇਂ ਕੁੱਝ ਜਾਨਵਰਾਂ ਦੀਆਂ ਮੌਤਾਂ ਵੀ ਹੋਈਆ ਸਨ, ਇਸ ਲਈ ਪਿਛਲੇ ਤਜਰਬੇ ਤੋਂ ਸਿੱਖਣ ਤੋਂ ਬਾਅਦ ਅਤੇ ਚਿੜੀਆਘਰ ਛੱਤਬੀੜ ਦੀ ਡੀਅਰ ਸਫਾਰੀ ਵਿੱਚ ਕੁੱਝ ਜਾਨਵਰਾਂ ਵਿੱਚ ਮੂੰਹ-ਖੁਰ ਦੀ ਬਿਮਾਰੀ ਦੇ ਲੱਛਣ ਮਿਲਣ ਤੋਂ ਬਾਅਦ ਚਿੜੀਆਘਰ ਛੱਤਬੀੜ ਦੀ ਵੈਟਰਨਰੀ ਟੀਮ ਅਤੇ ਐਨੀਮਲ ਮੈਨੇਜਮੈਂਟ ਵੱਲੋਂ ਨਿਯਮਾਂ ਅਨੁਸਾਰ ਸ਼ਾਕਾਹਾਰੀ ਜਾਨਵਰਾਂ ਜਿਵੇਂ ਕਿ ਹਿਰਨਾਂ ਆਦਿ ਨੂੰ ਵੱਖਰਾ ਰੱਖ ਕੇ ਚੌਕਸੀ ਨਾਲ ਯੋਗ ਪ੍ਰਬੰਧ, ਇਲਾਜ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਲਈ ਜੈਵਿਕ ਸੁਰੱਖਿਆ ਉਪਰਾਲੇ ਕਈ ਗੁਣਾ ਵਧਾ ਦਿੱਤੇ ਗਏ ਹਨ ਅਤੇ ਜਿਨ੍ਹਾਂ ਜਾਨਵਰਾਂ ਵਿੱਚ ਮੂੰਹ-ਖੁਰ ਦੇ ਲੱਛਣ ਦਿਖਾਈ ਦੇ ਰਹੇ ਹਨ, ਉਹਨਾ ਦੇ ਇਲਾਜ ਸਬੰਧੀ ਮਾਹਿਰ ਡਾਕਟਰਾਂ ਤੇ ਵਿਗਆਨੀਆ ਨਾਲ ਤਾਲਮੇਲ ਕਰਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲ ਦੀ ਘੜੀ ਇਸ ਬਿਮਾਰੀ ਨਾਲ ਕਿਸੇ ਜਾਨਵਰ ਦੀ ਮੌਤ ਨਹੀਂ ਹੋਈ ਹੈ।
ਚਿੜੀਆਘਰ ਛੱਤਬੀੜ ਪ੍ਰਸ਼ਾਸਨ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਵੀ ਚਿੜੀਆਘਰ ਛੱਤਬੀੜ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗਾਵਾਂ, ਮੱਝਾ ਆਦਿ ਪਾਲਤੂ ਪਸ਼ੂਆਂ ਦੇ ਟੀਕਾਕਰਨ ਅਤੇ ਇਲਾਜ ਅਤੇ ਹੋਰ ਲੋੜੀਦੇ ਪ੍ਰਬੰਧਾਂ ਲਈ ਵੀ ਲਿਖਿਆ ਗਿਆ ਹੈ।