- ਦਰਜਨਾਂ ਮਰੀਜ਼ਾਂ ਦੀਆਂ ਅੱਖਾਂ ਦਾ ਖੁਦ ਕੀਤਾ ਚੈੱਕ ਅਪ, ਕਿਹਾ ਹਮੇਸ਼ਾ ਆਪਣੇ ਲੋਕਾਂ ਲਈ ਹਾਜ਼ਰ ਹਾਂ
ਸ੍ਰੀ ਮੁਕਤਸਰ ਸਾਹਿਬ 25 ਫਰਵਰੀ 2024 – ਕੈਬਨਿਟ ਮੰਤਰੀ ਡਾ ਬਲਜੀਤ ਕੌਰ ਬੇਸ਼ੱਕ ਵਿਧਾਇਕ ਬਣਨ ਤੋਂ ਬਾਅਦ ਪੰਜਾਬ ਮੰਤਰੀ ਪਰਿਸ਼ਦ ਵਿੱਚ ਮੰਤਰੀ ਬਣ ਗਏ ਪਰ ਹਾਲੇ ਵੀ ਉਹਨਾਂ ਦੇ ਦਿਲ ਅੰਦਰ ਇੱਕ ਡਾਕਟਰ ਹੋਣ ਦਾ ਜਜ਼ਬਾ ਵਸਦਾ ਹੈ। ਅੱਜ ਉਹ ਜਦ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਪਿੰਡ ਰੁਪਾਣਾ ਵਿੱਚ ਲਗਾਏ ਅੱਖਾਂ ਦੇ ਮੈਡੀਕਲ ਕੈਂਪ ਵਿੱਚ ਪਹੁੰਚੇ ਤਾਂ ਕੈਂਪ ਦੇ ਉਦਘਾਟਨ ਕਰਨ ਤੋਂ ਬਾਅਦ ਉਹ ਵੀ ਡਾਕਟਰਾਂ ਦੀ ਟੀਮ ਦੇ ਨਾਲ ਹਾਜ਼ਰ ਲੋਕਾਂ ਦੀਆਂ ਅੱਖਾਂ ਦੇ ਖੁਦ ਚੈੱਕ ਅਪ ਕਰਦੇ ਦਿਖਾਈ ਦਿੱਤੇ। ਜਿਕਰਯੋਗ ਹੈ ਕਿ ਡਾ ਬਲਜੀਤ ਕੌਰ ਖੁਦ ਅੱਖਾਂ ਦੇ ਮਾਹਰ ਡਾਕਟਰ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦਾ ਇਲਾਜ ਉਹਨਾਂ ਨੇ ਕੀਤਾ ਹੈ। ਅੱਜ ਵੀ ਜਦੋਂ ਇਸ ਕੈਂਪ ਦੇ ਉਦਘਾਟਨ ਲਈ ਪਹੁੰਚੇ ਤਾਂ ਉਦਘਾਟਨ ਤੋਂ ਬਾਅਦ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਡਾਕਟਰੀ ਟੀਮ ਦੇ ਨਾਲ ਬੈਠ ਕੇ ਉਹਨਾਂ ਨੇ ਇੱਥੇ ਮਰੀਜ਼ਾਂ ਦੀਆਂ ਅੱਖਾਂ ਦੀ ਖੁਦ ਜਾਂਚ ਕੀਤੀ ।
ਇਸ ਤੋਂ ਪਹਿਲਾਂ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਲਈ ਉਹਨਾਂ ਦਾ ਹਲਕਾ ਹੀ ਪਰਿਵਾਰ ਹੈ ਅਤੇ ਉਹ ਹਮੇਸ਼ਾ ਆਪਣੇ ਲੋਕਾਂ ਨੂੰ ਸਮਰਪਿਤ ਹਨ। ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਜਿੱਥੇ ਯਤਨ ਕਰ ਰਹੀ ਹੈ ਉਥੇ ਸਮਾਜਿਕ ਤੌਰ ਤੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲੱਗਣ ਨਾਲ ਅਸੀਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਟੀਚੇ ਦੀ ਪ੍ਰਾਪਤੀ ਵੱਲ ਵਧ ਰਹੇ ਹਾਂ।
ਅੱਜ ਦੇ ਇਸ ਕੈਂਪ ਦਾ ਆਯੋਜਨ ਕਰਨ ਵਾਲੀ ਸੰਸਥਾ ਮੁਕਤੀ ਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੂੰ ਜੀ ਆਇਆਂ ਨੂੰ ਆਖਿਆ। ਇਸ ਕੈਂਪ ਵਿੱਚ ਖ਼ਬਰ ਲਿਖੇ ਜਾਣ ਤਕ 750 ਤੋਂ ਜਿਆਦਾ ਓਪੀਡੀ ਹੋ ਚੁੱਕੀ ਸੀ ਅਤੇ ਇਸ ਦੌਰਾਨ 1500 ਐਣਕਾਂ ਅਤੇ ਅੱਖਾਂ ਦੀਆਂ ਦਵਾਈਆਂ ਦੇਣ ਦਾ ਟੀਚਾ ਮਿਥਿਆ ਗਿਆ ਹੈ।
ਇਸ ਮੌਕੇ ਐਚ ਆਈ, ਕਾਲਾ ਪੀਲੀਆ, ਸ਼ੂਗਰ, ਵੀ ਡੀ ਆਰ ਐਲ, ਟਾਈਫਾਈਡ ਆਦਿ ਵਰਗੇ ਸਾਰੇ ਟੈਸਟ ਵੀ ਮੁਫਤ ਕੀਤੇ ਗਏ। ਇਸ ਮੌਕੇ ਆਪ ਦੇ ਜ਼ਿਲਾ ਪ੍ਰਧਾਨ ਸ੍ਰੀ ਜਸ਼ਨ ਬਰਾੜ ਤੋਂ ਇਲਾਵਾ ਮੁਕਤੀਸਰ ਵੈਲਫੇਅਰ ਕਲੱਬ ਤੋਂ ਡਾ ਵਿਜੇ ਛਾਬੜਾ, ਦੀਪਾਂਸ਼ੂ ਕੁਮਾਰ, ਵਿਜੇ ਸੁਖੀਜਾ,ਪਰਮਿੰਦਰ ਸਿੰਘ, ਜੋਗਿੰਦਰ ਸਿੰਘ, ਸ਼ਮਸ਼ੇਰ ਸਿੰਘ, ਮਨਿੰਦਰ ਸਿੰਘ, ਸਕੂਲ ਪ੍ਰਿੰਸੀਪਲ ਪਰਸਾ ਸਿੰਘ, ਅਮਰ ਜੱਗਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਕੈਂਪ ਵਿੱਚ ਵੱਡੇ ਗਿਣਤੀ ਵਿੱਚ ਲੋਕ ਪਹੁੰਚੇ। ਮੰਚ ਸੰਚਾਲਨ ਲਾਲ ਚੰਦ ਰੁਪਾਣਾ ਨੇ ਕੀਤਾ।