ਬੈਂਗਲੁਰੂ, 27 ਫਰਵਰੀ 2024 – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਵਿਕਰਮ ਸਾਰਾਭਾਈ ਸਪੇਸ ਸੈਂਟਰ ਪਹੁੰਚੇ। ਇਸਰੋ ਦੇ ਮੁਖੀ ਐਸ ਸੋਮਨਾਥ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇੱਥੇ ਲਗਭਗ 1800 ਕਰੋੜ ਰੁਪਏ ਦੇ ਤਿੰਨ ਪੁਲਾੜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਦੇਸ਼ ਦੇ ਪਹਿਲੇ ਮਾਨਵ ਪੁਲਾੜ ਮਿਸ਼ਨ ਗਗਨਯਾਨ ਦੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਨੇ ਗਗਨਯਾਨ ਮਿਸ਼ਨ ‘ਤੇ ਭੇਜੇ ਜਾਣ ਵਾਲੇ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਅਤੇ ਉਨ੍ਹਾਂ ਨੂੰ ਐਸਟਰੋਨਾਟਸ ਦੇ ਖੰਭ ਪਹਿਨਾਏ। ਗਗਨਯਾਨ ਮਿਸ਼ਨ ‘ਤੇ ਜਿਨ੍ਹਾਂ ਪੁਲਾੜ ਯਾਤਰੀਆਂ ਨੂੰ ਭੇਜਿਆ ਜਾਵੇਗਾ, ਉਨ੍ਹਾਂ ‘ਚ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸੁਭਾਂਸ਼ੂ ਸ਼ੁਕਲਾ ਸ਼ਾਮਲ ਹਨ।
ਇਨ੍ਹਾਂ ਚਾਰਾਂ ਨੇ ਦੇਸ਼ ਦੇ ਹਰ ਤਰ੍ਹਾਂ ਦੇ ਲੜਾਕੂ ਜਹਾਜ਼ ਉਡਾਏ ਹਨ। ਹਰ ਕਿਸਮ ਦੇ ਲੜਾਕੂ ਜਹਾਜ਼ਾਂ ਦੀਆਂ ਕਮੀਆਂ ਅਤੇ ਵਿਸ਼ੇਸ਼ਤਾਵਾਂ ਨੂੰ ਜਾਣਦੇ ਹਨ, ਇਸ ਲਈ ਇਨ੍ਹਾਂ ਚਾਰਾਂ ਨੂੰ ਗਗਨਯਾਨ ਪੁਲਾੜ ਯਾਤਰੀ ਸਿਖਲਾਈ ਲਈ ਚੁਣਿਆ ਗਿਆ ਹੈ। ਉਸ ਨੇ ਰੂਸ ਵਿਚ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਵਰਤਮਾਨ ਵਿੱਚ, ਬੈਂਗਲੁਰੂ ਵਿੱਚ ਪੁਲਾੜ ਯਾਤਰੀ ਸਿਖਲਾਈ ਸਹੂਲਤ ਵਿੱਚ ਸਿਖਲਾਈ ਚੱਲ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਕੇਰਲ ਦੇ ਨਾਲ-ਨਾਲ ਤਾਮਿਲਨਾਡੂ ਦਾ ਵੀ ਦੌਰਾ ਕਰਨਗੇ। ਉਹ 2 ਦਿਨਾਂ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਮੰਗਲਵਾਰ ਸ਼ਾਮ 5:15 ਵਜੇ ਤਾਮਿਲਨਾਡੂ ਪਹੁੰਚਣਗੇ। ਜਿੱਥੇ ਉਹ ਮਦੁਰਾਈ ਵਿੱਚ ‘ਕਰੀਏਟਿੰਗ ਦ ਫਿਊਚਰ-ਡਿਜੀਟਲ ਮੋਬਿਲਿਟੀ ਫਾਰ ਆਟੋਮੋਟਿਵ MSME ਐਂਟਰਪ੍ਰੀਨਿਓਰਜ਼’ ਈਵੈਂਟ ਵਿੱਚ ਸ਼ਿਰਕਤ ਕਰਨਗੇ।