ਗੁਰਦਾਸਪੁਰ 27 ਫਰਵਰੀ 2024 – ਹਰ ਰੋਜ਼ ਗੈਂਗਸਟਰ ਸਮਾਜ ਸੇਵੀਆਂ ਅਤੇ ਕਾਰੋਬਾਰੀਆਂ ਨੂੰ ਫੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।ਜਿਆਦਾਤਰ ਗੈਂਗਸਟਰ ਕਾਰੋਬਾਰੀਆਂ ਅਤੇ ਸਮਾਜ ਸੇਵੀਆਂ ਨੂੰ ਫਿਰੌਤੀ ਲਈ ਧਮਕੀਆਂ ਦੇ ਰਹੇ ਹਨ ਪਰ ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਸਮਾਜ ਸੇਵੀ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਨੂੰ ਫਿਰੋਤੀ ਲਈ ਜਾਨੋ ਮਾਰਨ ਦੀ ਧਮਕੀ ਨਹੀਂ ਦਿੱਤੀ ਗਈ ਬਲਕਿ ਇਸ ਦਾ ਕੋਈ ਹੋਰ ਕਾਰਨ ਦੱਸਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਸਮੇਂ ਵਟਸਐਪ ‘ਤੇ ਕਾਲ ਆਈ ਜਿਸ ਦਾ ਨੰਬਰ ਵਿਦੇਸ਼ੀ ਜਾਪਦਾ ਸੀ, ਜਦੋਂ ਉਨ੍ਹਾਂ ਫ਼ੋਨ ਚੁੱਕਿਆ ਤਾਂ ਸਾਹਮਣੇ ਤੋਂ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਸਦੇ ਕਾਰਨ ਉਸ ਦੇ ਬੰਦੇ ਫੜੇ ਗਏ ਹਨ, ਜਿਸ ਕਾਰਨ ਉਸ ਨੇ ਕਿਹਾ ਕਿ ਉਹ ਉਸ ਨੂੰ ਮਾਰ ਦੇਣਗੇ । ਇੰਦਰਪਾਲ ਸਿੰਘ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਦੇ ਪਿੱਛੇ ਕਈ ਲੋਕ ਲੱਗਾਏ ਹੋਏ ਹਨ, ਜੇਕਰ ਉਹਨਾਂ ਤੋਂ ਬਚ ਗਿਆ ਤਾਂ ਉਹ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਏਗਾ।
ਉਸ ਨੇ ਕਿਹਾ ਕਿ ਇਸ ਦਾ ਨਤੀਜਾ ਉਸ ਨੂੰ ਇਕ ਹਫਤੇ ਦੇ ਅੰਦਰ ਅੰਦਰ ਪਤਾ ਲੱਗ ਜਾਵੇਗਾ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਫੋਨ ਕੱਟ ਦਿੱਤਾ ਤਾਂ ਇੰਦਰਪਾਲ ਸਿੰਘ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਕਾਲ ਰਿਕਾਰਡਿੰਗ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇੰਦਰਪਾਲ ਸਿੰਘ ਬੈਂਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ ਅਤੇ ਰਾਤ ਨੂੰ ਘਰ ਆਉਂਦੇ ਸਮੇਂ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪਿੱਛਾ ਕਰਦੇ ਵੀ ਦੇਖਿਆ ਗਿਆ ਹੈ।