ਸ਼ੰਭੂ ਬਾਰਡਰ, 28 ਫਰਵਰੀ 2024 – ਅੱਜ (28 ਫਰਵਰੀ) ਕਿਸਾਨ ਅੰਦੋਲਨ ਦਾ 16ਵਾਂ ਦਿਨ ਹੈ। ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੰਭੂ ਬਾਰਡਰ ‘ਤੇ ਹੋਵੇਗੀ, ਜਿਸ ‘ਚ ਕਿਸਾਨ ਜਥੇਬੰਦੀਆਂ 29 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲੈਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਕਿਸਾਨ ਆਗੂਆਂ ਨੇ ਆਪੋ-ਆਪਣੇ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ। ਹੁਣ ਕਿਸਾਨ ਲੀਡਰ ਸਾਂਝੀ ਮੀਟਿੰਗ ਕਰਨਗੇ। ਇਸ ਮਗਰੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ।
ਅੰਦੋਲਨ ਵਿੱਚ ਸ਼ਾਮਲ ਇੱਕ ਹੋਰ ਕਿਸਾਨ ਦੀ ਮੰਗਲਵਾਰ ਨੂੰ ਮੌਤ ਹੋ ਗਈ। ਇਸ ਦੇ ਨਾਲ ਹੁਣ ਅੰਦੋਲਨ ਵਿੱਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਇਸ ਦੇ ਨਾਲ ਹੀ ਅੰਦੋਲਨ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਇੰਟਰਨੈੱਟ ਬੰਦ ਕਰਨ ਦਾ ਐਲਾਨ ਕੀਤਾ ਹੈ।
ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਨੇ ਕਿਹਾ ਹੈ ਕਿ ਦੋਵਾਂ ਮੰਚਾਂ ਦੀ ਸਾਂਝੀ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕਰਨ ਵਾਲੀਆਂ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। 29 ਫਰਵਰੀ ਨੂੰ ਵਿਸਥਾਰਤ ਰਣਨੀਤੀ ਬਣਾ ਕੇ ਅਗਲਾ ਐਲਾਨ ਕੀਤਾ ਜਾਵੇਗਾ।