ਹਿਮਾਚਲ ਪ੍ਰਦੇਸ਼, 28 ਫਰਵਰੀ 2024 – ਛੇ ਕਾਂਗਰਸੀ ਵਿਧਾਇਕਾਂ ਨੇ ਹਿਮਾਚਲ ਪ੍ਰਦੇਸ਼ ਰਾਜ ਸਭਾ ਚੋਣਾਂ ਵਿੱਚ ਕਰਾਸ ਵੋਟਿੰਗ ਕੀਤੀ ਸੀ ਅਤੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੂੰ ਵੋਟ ਪਾਈ ਸੀ। ਕਾਂਗਰਸ ਖਿਲਾਫ ਕਰਾਸ ਵੋਟਿੰਗ ਕਰਨ ਵਾਲੇ ਪਾਰਟੀ ਦੇ ਵਿਧਾਇਕ ਮੰਗਲਵਾਰ ਸ਼ਾਮ ਨੂੰ ਸ਼ਿਮਲਾ ਤੋਂ ਪੰਚਕੂਲਾ ਚਲੇ ਗਏ ਸਨ। ਅੱਜ ਬੁੱਧਵਾਰ ਨੂੰ ਉਹ ਸਾਰੇ ਵਿਧਾਇਕ ਹੈਲੀਕਾਪਟਰ ‘ਤੇ ਸਵਾਰ ਹੋ ਕੇ ਸ਼ਿਮਲਾ ਲਈ ਰਵਾਨਾ ਹੋ ਗਏ ਹਨ। ਹਰਿਆਣਾ ਦੇ ਇੱਕ ਹੋਟਲ ਵਿੱਚ ਠਹਿਰਣ ਵਾਲੇ ਕਾਂਗਰਸ ਦੇ ਹਿਮਾਚਲ ਪ੍ਰਦੇਸ਼ ਦੇ ਛੇ ਵਿਧਾਇਕ ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ ‘ਚ ਸ਼ਾਮਿਲ ਹੋਣਗੇ। ਹਿਮਾਚਲ ਪ੍ਰਦੇਸ਼ ਵਿਚ ਤੇਜ਼ੀ ਨਾਲ ਬਦਲੇ ਸਿਆਸੀ ਹਾਲਾਤ ਦੇ ਚਲਦਿਆਂ ਵਿਧਾਨ ਸਭਾ ਵਿਚ ਜ਼ੋਰਦਾਰ ਹੰਗਾਮਾ ਹੋਣ ਦੇ ਆਸਾਰ ਹਨ।
ਇਸ ਦੌਰਾਨ ਜੈ ਰਾਮ ਠਾਕੁਰ ਦੀ ਅਗਵਾਈ ਹੇਠ ਭਾਜਪਾ ਵਿਧਾਇਕ ਦਲ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਸੱਤਾਧਾਰੀ ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਦੇ ਰਾਜ ਸਭਾ ਚੋਣ ਭਾਜਪਾ ਦੇ ਹਰਸ਼ ਮਹਾਜਨ ਤੋਂ ਹਾਰਨ ਦੇ ਇੱਕ ਦਿਨ ਬਾਅਦ ਹੋਈ ਹੈ।
ਉਥੇ ਹੀ ਹਿਮਾਚਲ ਪ੍ਰਦੇਸ਼ ਦੀਆਂ ਰਾਜ ਸਭਾ ਚੋਣਾਂ ਤੋਂ ਬਾਅਦ ਸੁੱਖੂ ਸਰਕਾਰ ਲਈ ਸੰਕਟ ਹੋਰ ਵਧ ਗਿਆ ਹੈ। ਸੁੱਖੂ ਸਰਕਾਰ ਵਿੱਚ ਕੈਬਨਿਟ ਮੰਤਰੀ ਅਤੇ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੇ ਕਾਂਗਰਸ ਹਾਈਕਮਾਂਡ ਖ਼ਿਲਾਫ਼ ਖੁੱਲ੍ਹ ਕੇ ਬਗਾਵਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰਾਸ ਵੋਟਿੰਗ ਕਰਨ ਵਾਲੇ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਦੇ ਹਰ ਪਲੇਟਫਾਰਮ ‘ਤੇ ਇਹ ਮੁੱਦਾ ਉਠਾਇਆ ਸੀ, ਪਰ ਇਸ ਨੂੰ ਅਣਗੌਲਿਆ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਨੇ ਸੁੱਖੂ ਸਰਕਾਰ ‘ਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਪ੍ਰਿਯੰਕਾ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਖ਼ਤ ਫੈਸਲੇ ਲੈਣੇ ਪੈਂਦੇ ਹਨ ਅਤੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਮੈਂ ਇਸ ਸਰਕਾਰ ਵਿੱਚ ਨਹੀਂ ਰਹਿ ਸਕਦਾ।