DMCH ਦੇ ਪ੍ਰਿੰਸੀਪਲ ਡਾ: ਸੰਦੀਪ ਪੁਰੀ ਨੇ ਦਿੱਤਾ ਅਸਤੀਫ਼ਾ

  • ਸੰਸਥਾ ਵਿੱਚ ਆਖਰੀ ਦਿਨ 29 ਫਰਵਰੀ ਨੂੰ

ਲੁਧਿਆਣਾ, 28 ਫਰਵਰੀ, 2024: ਇੱਕ ਵੱਡਾ ਫੈਸਲਾਕੁੰਨ ਕਦਮ ਚੁੱਕਦਿਆਂ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ), ਲੁਧਿਆਣਾ ਦੇ ਪ੍ਰਿੰਸੀਪਲ ਡਾ. ਸੰਦੀਪ ਪੁਰੀ ਨੇ 29 ਫਰਵਰੀ ਨੂੰ ਸੰਸਥਾ ਛੱਡਣ ਦਾ ਫੈਸਲਾ ਕੀਤਾ ਹੈ।

ਡਾ: ਪੁਰੀ 1 ਦਸੰਬਰ 2014 ਤੋਂ ਇਸ ਵੱਕਾਰੀ ਸੰਸਥਾ ਦੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ 1992 ਤੋਂ ਡੀਐਮਸੀਐਚ ਦੀ ਫੈਕਲਟੀ ਵਿੱਚ ਹਨ। ਪ੍ਰਿੰਸੀਪਲ ਦੇ ਅਹੁਦੇ ਤੋਂ ਪਹਿਲਾਂ, ਉਹ ਸੰਸਥਾ ਵਿੱਚ ਪ੍ਰੋਫੈਸਰ ਅਤੇ ਮੈਡੀਸਨ ਦੇ ਮੁਖੀ (9 ਸਾਲ), ਮੈਡੀਕਲ ਸੁਪਰਡੈਂਟ (14 ਸਾਲ) ਅਤੇ ਵਾਈਸ ਪ੍ਰਿੰਸੀਪਲ (1 ਸਾਲ) ਸਮੇਤ ਵੱਖ-ਵੱਖ ਅਹੁਦਿਆਂ ‘ਤੇ ਰਹਿ ਚੁੱਕੇ ਹਨ।

ਡੀਐਮਸੀਐਚ ਮੈਨੇਜਮੈਂਟ ਵੱਲੋਂ ਨੀਤੀ ਵਿੱਚ ਬਦਲਾਅ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਸੰਸਥਾ ਦੀ ਨਵੀਂ ਨੀਤੀ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੰਦੀ। ਨਤੀਜੇ ਵਜੋਂ, ਡਾ. ਪੁਰੀ ਹੁਣ ਭਲਕੇ ਸੰਸਥਾ ਛੱਡਣ ਤੋਂ ਬਾਅਦ ਨਿੱਜੀ ਤੌਰ ‘ਤੇ ਆਪਣਾ ਕਲੀਨਿਕਲ ਕੰਮ ਕਰਨਗੇ। ਉਨ੍ਹਾਂ ਤੋਂ ਪਹਿਲਾਂ ਡਾ: ਦਿਨੇਸ਼ ਗੁਪਤਾ, ਮੈਡੀਸਨ ਵਿਭਾਗ ਦੇ ਮੁਖੀ; ਡਾ: ਰੰਜੀਵ ਮਹਾਜਨ, ਮਨੋਰੋਗ ਵਿਭਾਗ ਦੇ ਮੁਖੀ; ਡਾ: ਸੁਮੀਤ ਚੋਪੜਾ, ਮੁਖੀ (ਨੇਤਰ); ਡਾ: ਰਜਿੰਦਰ ਬਾਂਸਲ (ਨਿਉਰੋਲੋਜੀ ਦੇ ਪ੍ਰੋਫੈਸਰ);ਡਾ: ਵਿਕਾਸ (ਡੀਐਮ ਰੂਮੈਟੋਲੋਜੀ); ਡਾ: ਸੌਰਭ (ਡੀਐਮ ਐਂਡੋਕਰੀਨੋਲੋਜੀ); ਡਾ: ਸਾਹਿਲ ਚੋਪੜਾ (ਅੱਖਾਂ ਦੇ ਪ੍ਰੋਫੈਸਰ) ਅਤੇ ਡਾ: ਅਮਿਤ ਬੇਰੀ (ਮੈਡੀਸਨ ਪ੍ਰੋਫੈਸਰ) ਨੇ ਵੀ ਮੁੱਖ ਤੌਰ ‘ਤੇ ਨੀਤੀ ਤਬਦੀਲੀ ਕਾਰਨ ਸੰਸਥਾ ਤੋਂ ਅਸਤੀਫਾ ਦੇ ਦਿੱਤਾ ਸੀ।

ਡਾ. ਪੁਰੀ 1982 ਵਿੱਚ ਇੱਕ ਮੈਡੀਕਲ ਵਿਦਿਆਰਥੀ ਵਜੋਂ ਸੰਸਥਾ ਨਾਲ ਜੁੜੇ ਅਤੇ ਬਾਅਦ ਵਿੱਚ ਡੀਐਮਸੀਐਚ, ਲੁਧਿਆਣਾ ਦੇ ਪ੍ਰਿੰਸੀਪਲ ਬਣੇ। ਉਹ 9 ਸਾਲ ਅਤੇ 3 ਮਹੀਨਿਆਂ ਦੀ ਮਿਆਦ ਲਈ ਪ੍ਰਿੰਸੀਪਲ ਦੇ ਅਹੁਦੇ ‘ਤੇ ਰਹਿਣ ਵਾਲੇ ਡੀਐਮਸੀ ਦੇ ਪਹਿਲੇ ਸਾਬਕਾ ਵਿਦਿਆਰਥੀ ਸਨ। ਉਨ੍ਹਾਂ ਨੇ 1987 ਵਿੱਚ ਦਯਾਨੰਦ ਮੈਡੀਕਲ ਕਾਲਜ ਦੇ ਸਰਵੋਤਮ ਆਲ ਰਾਊਂਡ ਉਮੀਦਵਾਰ ਵਜੋਂ ਗ੍ਰੈਜੂਏਸ਼ਨ ਕੀਤੀ ਅਤੇ 1991 ਵਿੱਚ ਡੀਐਮਸੀ ਤੋਂ ਐਮਡੀ ਮੈਡੀਸਨ ਕੀਤੀ। ਉਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਸਰਵੋਤਮ ਅਧਿਆਪਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਵਜੋਂ ਆਪਣੇ ਕਾਰਜਕਾਲ ਦੌਰਾਨ ਡੀ.ਐਮ.ਸੀ. ਨੇ ਕਈ ਪ੍ਰਾਪਤੀਆਂ ਹਾਸਲ ਕੀਤੀਆਂ।

ਇੱਥੇ ਵਰਣਨਯੋਗ ਹੈ ਕਿ ਡਾ. ਪੁਰੀ ਨੇ ਮਰੀਜ਼ਾਂ ਦੀ ਦੇਖਭਾਲ ਨੂੰ ਬਿਹਤਰ ਬਣਾਉਣ, ਮੈਡੀਕਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਪ੍ਰਸ਼ਾਸਨਿਕ ਯੋਗਦਾਨ ਪਾਇਆ ਹੈ।

ਉਨ੍ਹਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਖੇ ਮੈਡੀਕਲ ਸਾਇੰਸਜ਼ ਦੇ ਫੈਕਲਟੀ ਦੇ ਡੀਨ, ਪੀਜੀ ਬੋਰਡ ਆਫ਼ ਸਟੱਡੀਜ਼ ਦੇ ਚੇਅਰਮੈਨ, ਯੂਜੀ ਬੋਰਡ ਆਫ਼ ਸਟੱਡੀਜ਼ ਦੇ ਚੇਅਰਮੈਨ, ਸੈਨੇਟ ਦੇ ਮੈਂਬਰ, ਯੋਜਨਾ ਬੋਰਡ ਦੇ ਮੈਂਬਰ ਅਤੇ ਮੈਂਬਰ ਐਕਸਪਰਟ, ਫੈਕਲਟੀ ਆਫ ਮੈਡੀਕਲ ਸਾਇੰਸਜ਼, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ
ਸਮੇਤ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਹਨ।

ਉਨ੍ਹਾਂ ਨੂੰ ਏਪੀਆਈਓਐਨ 2017 ਵਿੱਚ ਵੱਕਾਰੀ ਰਬਿੰਦਰ ਨਾਥ ਟੈਗੋਰ ਓਰੇਸ਼ਨ, ਇੰਡੀਅਨ ਕਾਲਜ ਆਫ਼ ਫਿਜ਼ੀਸ਼ੀਅਨ ਵੱਲੋਂ ਫੈਲੋਸ਼ਿਪ; ਇੰਡੀਅਨ ਅਕੈਡਮੀ ਆਫ ਕਲੀਨਿਕਲ ਮੈਡੀਸਨ, ਇੰਟਰਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਅਤੇ ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਜ਼ ਦੀ ਮੈਂਬਰਸ਼ਿਪ ਨਾਲ ਸਨਮਾਣਿਤ ਕੀਤਾ ਗਿਆ। ਉਨ੍ਹਾਂ ਦੀ ਰੂਮੈਟੋਲੋਜੀ ਵਿਚ ਵਿਸ਼ੇਸ਼ ਰੁਚੀ ਹੈ।

ਉਹ ਕਈ ਪ੍ਰਮੁੱਖ ਪ੍ਰੋਗਰਾਮਾਂ ਜਿਂਵੇਂ ਰਾਸ਼ਟਰੀ ਕਾਨਫਰੰਸਾਂ ਦੇ ਆਯੋਜਨ, ਕਈ ਅੰਤਰਰਾਸ਼ਟਰੀ ਕਲੀਨਿਕਲ ਟਰਾਇਲਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਥੀਸਿਸ ਅਤੇ ਖੋਜ ਕਾਰਜਾਂ ਦੀ ਨਿਗਰਾਨੀ ਕਰਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਗਜ਼ੀਨਜ਼ ਵਿੱਚ ਵਿਗਿਆਨਕ ਪੇਪਰ ਪ੍ਰਕਾਸ਼ਿਤ ਕਰਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਸ਼ਣ ਦੇਣ ਜਾਂ ਸੈਸ਼ਨਾਂ ਦੀ ਪ੍ਰਧਾਨਗੀ ਕਰਨ ਵਿੱਚ ਨੇੜਿਓਂ ਜੁੜੇ ਹੋਏ ਹਨ। ਉਹ 5 ਯੂਨੀਵਰਸਿਟੀਆਂ ਵਿੱਚ ਇੰਟਰਨਲ ਮੈਡੀਸਨ ਦੇ ਐਗਜ਼ਾਮੀਨਰ ਹਨ। ਸੱਭਿਆਚਾਰਕ ਗਤੀਵਿਧੀਆਂ, ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਭਾਵੁਕ ਹੋਣ ਕਾਰਨ ਉਹ ਪ੍ਰਬੰਧਕ ਵਜੋਂ ਇਨ੍ਹਾਂ ਗਤੀਵਿਧੀਆਂ ਨਾਲ ਜੁੜੇ ਰਹੇ ਹਨ। ਉਹ ਹਮੇਸ਼ਾ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਰਹੇ ਹਨ ਅਤੇ ਉਹ ਖੁਦ ਵੀ 93 ਵਾਰ ਖੂਨਦਾਨ ਕਰ ਚੁੱਕੇ ਹਨ।

ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ, ਡੀਐਮਸੀਐਚ ਮੈਨੇਜਿੰਗ ਸੋਸਾਇਟੀ ਦੇ ਵਾਈਸ ਪ੍ਰੈਸੀਡੈਂਟ ਸੰਜੀਵ ਅਰੋੜਾ ਨੇ ਕਿਹਾ ਕਿ ਡਾ. ਪੁਰੀ ਇੱਕ ਨਾਮਵਰ ਡਾਕਟਰ ਹਨ ਜਿਨ੍ਹਾਂ ਨੇ ਇੱਕ ਸਿੱਖਿਆ ਸ਼ਾਸਤਰੀ ਅਤੇ ਪ੍ਰਸ਼ਾਸਕ ਵਜੋਂ ਇੱਕ ਨਿਪੁੰਨ ਕਰੀਅਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਡਾ: ਪੁਰੀ ਨੇ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਉੱਤਰੀ ਭਾਰਤ ਵਿੱਚ ਨਾਮ ਅਤੇ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਨੇ ਡਾ. ਪੁਰੀ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਵਿੱਚ ਵੱਡੀ ਸਫਲਤਾ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਡੀਐਮਸੀਐਚ ਦੀ ਸਮੁੱਚੀ ਸਫ਼ਲਤਾ ਅਤੇ ਵਿਕਾਸ ਵਿੱਚ ਡਾ: ਪੁਰੀ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਇਹ ਪੁੱਛੇ ਜਾਣ ‘ਤੇ ਡੀਐਮਸੀਐਚ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਡਾ: ਸੰਦੀਪ ਪੁਰੀ ਇਕ ਬਹੁਤ ਵਧੀਆ ਡਾਕਟਰ ਹਨ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਸੰਸਥਾ ਲਈ ਬਹੁਤ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਡਾ: ਪੁਰੀ ਡੀ.ਐਮ.ਸੀ.ਐਚ ਨੂੰ ਚੰਗੇ ਵਿਸ਼ਵਾਸ ਨਾਲ ਛੱਡ ਰਹੇ ਹਨ।

ਡਾ. ਪੁਰੀ ਦੇ ਕਾਰਜਕਾਲ ਦੌਰਾਨ, ਡੀਐਮਸੀ ਨੂੰ ਦੇਸ਼ ਦੇ ਚੋਟੀ ਦੇ 20 ਮੈਡੀਕਲ ਕਾਲਜਾਂ ਅਤੇ ਉੱਤਰੀ ਭਾਰਤ ਦੇ ਸਰਵੋਤਮ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਐਮਬੀਬੀਐਸ ਦੀਆਂ ਸੀਟਾਂ ਵਧਾ ਕੇ 100 ਕਰ ਦਿੱਤੀਆਂ ਗਈਆਂ ਹਨ ਅਤੇ ਵੱਖ-ਵੱਖ ਪੋਸਟ ਗ੍ਰੈਜੂਏਟ ਅਤੇ ਡੀਐਮ ਕੋਰਸਾਂ ਵਿੱਚ 37 ਸੀਟਾਂ ਜੋੜੀਆਂ ਗਈਆਂ ਹਨ। ਨੈਫਰੋਲੋਜੀ (2019) ਅਤੇ ਕ੍ਰਿਟੀਕਲ ਕੇਅਰ ਮੈਡੀਸਨ (2019) ਵਿੱਚ ਸੁਪਰ ਸਪੈਸ਼ਲਾਈਜ਼ੇਸ਼ਨ ਲਾਂਚ ਕੀਤੀ ਗਈ। 2016 ਵਿੱਚ ਐਨਏਬੀਐਚ ਵੱਲੋਂ ਮਾਨਤਾ ਸੰਸਥਾ ਦੀ ਇੱਕ ਹੋਰ ਪ੍ਰਾਪਤੀ ਸੀ। ਨਵੀਂ ਅਲਟਰਾਮਾਡਰਨ ਮੈਡੀਕਲ ਕਾਲਜ ਬਿਲਡਿੰਗ (2015), ਇੱਕ ਪ੍ਰਭਾਵਸ਼ਾਲੀ ਕੈਂਸਰ ਕੇਅਰ ਸੈਂਟਰ (2017) ਅਤੇ ਡੀਐਮਸੀ ਕਾਲਜ ਆਫ਼ ਨਰਸਿੰਗ (2017) ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਗਵਾ ਹੋਇਆ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਾ ਪੁਲਿਸ ਨੇ 2 ਦਿਨਾਂ ‘ਚ ਲੱਭਿਆ

ਪੰਜਾਬ ਸਰਕਾਰ ਵੱਲੋਂ ਸਾਰੀਆਂ ਪੰਚਾਇਤਾਂ ਭੰਗ, ਨੋਟੀਫ਼ਿਕੇਸ਼ਨ ਜਾਰੀ