ਮਾਨਸਾ, 1 ਮਾਰਚ 2024 – ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰਕ ਸੂਤਰਾਂ ਨੇ ਇਸ ਦੀ ਪੁਸ਼ਟੀ ਮੀਡੀਆ ਕੋਲ ਕੀਤੀ ਹੈ। ਹਾਲਾਂਕਿ, ਅਜੇ ਤੱਕ ਪਰਿਵਾਰ ਵੱਲੋਂ ਇਸ ਸੰਬੰਧੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਆਪਣੇ 28 ਸਾਲਾ ਇਕਲੌਤੇ ਪੁੱਤਰ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਂ ਚਰਨ ਕੌਰ (58) ਹੁਣ ਫੇਰ ਤੋਂ ਮਾਂ ਬਣਨ ਵਾਲੀ ਹੈ। ਇਸ ਦੀ ਪੁਸ਼ਟੀ ਕਰਦਿਆਂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਚਰਨ ਕੌਰ ਨੇ ਆਈਵੀਐਫ (ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੀ ਮਦਦ ਲਈ ਹੈ ਅਤੇ ਉਹ ਡਾਕਟਰੀ ਟੀਮ ਦੀ ਨਿਗਰਾਨੀ ਹੇਠ ਹੈ। ਚਰਨ ਕੌਰ ਮਾਰਚ ਵਿੱਚ ਬੱਚੇ ਨੂੰ ਜਨਮ ਦੇ ਸਕਦੀ ਹੈ।
ਸੂਤਰਾਂ ਅਨੁਸਾਰ ਚਰਨ ਕੌਰ ਨੇ ਵਿਦੇਸ਼ ਵਿੱਚ ਆਈਵੀਐਫ ਤਕਨੀਕ ਦੀ ਵਰਤੋਂ ਕੀਤੀ ਹੈ ਕਿਉਂਕਿ ਦੇਸ਼ ਵਿੱਚ ਉਮਰ ਸੀਮਾ 50 ਸਾਲ ਹੈ। ਚਰਨ ਕੌਰ ਅਤੇ ਉਸ ਦਾ ਪਤੀ ਬਲਕੌਰ ਸਿੰਘ (60) ਪਿਛਲੇ ਦੋ ਮਹੀਨਿਆਂ ਤੋਂ ਮੂਸੇਵਾਲਾ ਦੀ ਹਵੇਲੀ ਆਉਣ ਵਾਲੇ ਪ੍ਰਸ਼ੰਸਕਾਂ ਨੂੰ ਨਹੀਂ ਮਿਲ ਰਹੇ ਹਨ। ਦੱਸ ਦੇਈਏ ਕਿ ਮੂਸੇਵਾਲਾ ਦੀ 29 ਮਈ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ ਦੇ ਅਨੁਸਾਰ, ਭਾਰਤ ਵਿੱਚ 21 ਤੋਂ 50 ਸਾਲ ਦੀ ਉਮਰ ਤੱਕ ਔਰਤਾਂ ਆਈਵੀਐਫ ਕਰ ਸਕਦੀਆਂ ਹਨ। ਪੁਰਸ਼ਾਂ ਲਈ ਇਸਦੀ ਉਮਰ ਸੀਮਾ 21 ਤੋਂ 55 ਸਾਲ ਹੈ। ਇਸ ਉਮਰ ਤੋਂ ਵੱਧ ਲੋਕਾਂ ਲਈ ਇਹ ਕਾਨੂੰਨੀ ਜੁਰਮ ਹੈ। 2022 ਵਿੱਚ ਪਾਸ ਹੋਏ ਕਾਨੂੰਨ ਦੇ ਤਹਿਤ ਸਖ਼ਤ ਸਜ਼ਾ ਹੋ ਸਕਦੀ ਹੈ, ਪਰ ਜੇਕਰ ਕੋਈ ਔਰਤ ਵਿਦੇਸ਼ ਵਿੱਚ ਗਰਭਵਤੀ ਹੈ ਤਾਂ ਉਸ ਦੀ ਡਿਲੀਵਰੀ ਦੇਸ਼ ਵਿੱਚ ਹੋ ਸਕਦੀ ਹੈ।
ਅਜਿਹੇ ‘ਚ ਬੱਚੇ ਪੈਦਾ ਕਰਨ ਦੀਆਂ ਚਾਹਵਾਨ ਔਰਤਾਂ ਵਿਦੇਸ਼ ਜਾਣ ਦਾ ਰਸਤਾ ਅਪਣਾ ਰਹੀਆਂ ਹਨ। ਭਾਰਤ ਵਿੱਚ, ਜੇਕਰ 50 ਸਾਲ ਤੋਂ ਵੱਧ ਉਮਰ ਦੀ ਕੋਈ ਔਰਤ ਆਈਵੀਐਫ ਰਾਹੀਂ ਬੱਚਾ ਪੈਦਾ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਹਾਈ ਕੋਰਟ ਤੱਕ ਪਹੁੰਚ ਕਰਨੀ ਪਵੇਗੀ। ਹਰ ਕੋਈ ਇਸ ਕਾਨੂੰਨੀ ਝੰਜਟ ਤੋਂ ਬਚਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ‘ਤੇ 5 ਤੋਂ 20 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ 3 ਤੋਂ 8 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।
ਮੂਸੇਵਾਲਾ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ 6.37 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ। ਇਸ ਤੋਂ ਇਲਾਵਾ ਡੇਢ ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ। ਬੈਂਕਾਂ ਵਿੱਚ 5.09 ਕਰੋੜ ਰੁਪਏ ਦੀ ਚੱਲ ਜਾਇਦਾਦ ਰੱਖੀ ਗਈ ਸੀ। ਸੂਤਰਾਂ ਅਨੁਸਾਰ ਉਸ ਦੇ ਪਰਿਵਾਰ ਦੀ ਦੌਲਤ ਇਸ ਤੋਂ ਕਈ ਗੁਣਾ ਜ਼ਿਆਦਾ ਹੈ ਕਿਉਂਕਿ ਮੂਸੇਵਾਲਾ ਦੀ ਮਹੀਨਾਵਾਰ ਕਮਾਈ 35 ਤੋਂ 40 ਲੱਖ ਰੁਪਏ ਦੇ ਕਰੀਬ ਸੀ।