ਚੰਡੀਗੜ੍ਹ, 2 ਮਾਰਚ 2024 – ਪੰਜਾਬ ਭਾਜਪਾ ਨੇ ਵੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਹੈੱਡਕੁਆਰਟਰ ‘ਤੇ ਭਾਜਪਾ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਪਹਿਲੀ ਵਾਰ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਨੀ ਕੁਮਾਰ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਉਹ ਜਾਖੜ ਦੇ ਬਿਲਕੁਲ ਨਾਲ ਬੈਠੇ। ਮੀਟਿੰਗ ਵਿੱਚ ਮਨਪ੍ਰੀਤ ਬਾਦਲ ਵੀ ਮੌਜੂਦ ਸਨ। ਮੀਟਿੰਗ ਵਿੱਚ ਹਰ ਪਹਿਲੂ ‘ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ ਇਹ ਮੀਟਿੰਗ ਫੇਰ ਦੁਬਾਰਾ ਅੱਜ ਸ਼ਨੀਵਾਰ ਨੂੰ ਵੀ ਬੁਲਾਈ ਗਈ ਹੈ।
ਬੀਤੇ ਦਿਨ ਪਾਰਟੀ ਵੱਲੋਂ ਪੰਜ ਵਜੇ ਮੀਟਿੰਗ ਸੱਦੀ ਗਈ ਸੀ। ਇਸ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਸੀਨੀਅਰ ਆਗੂ ਪੁੱਜੇ ਹੋਏ ਸਨ। ਇਸ ਦੌਰਾਨ ਕਿਸਾਨ ਅੰਦੋਲਨ ਕਾਰਨ ਪੈਦਾ ਹੋਈ ਸਥਿਤੀ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪਾਰਟੀ ਕਿਸ ਰਣਨੀਤੀ ਨਾਲ ਚੋਣਾਂ ਵਿਚ ਉਤਰੇਗੀ, ਇਸ ਬਾਰੇ ਵੀ ਕੁਝ ਸੋਚ ਵਿਚਾਰ ਕੀਤੀ ਗਈ ਹੈ। ਇਸ ਦੌਰਾਨ ਸਾਰੇ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
ਮੀਟਿੰਗ ਵਿੱਚ ਅੱਠ ਤੋਂ ਨੌਂ ਸੀਨੀਅਰ ਆਗੂ ਹਾਜ਼ਰ ਨਹੀਂ ਸਨ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ, ਹਲਕਾ ਇੰਚਾਰਜ ਵਿਜੇ ਰੁਪਾਨੀ, ਸੌਦਾਨਾ ਸਿੰਘ, ਫਤਿਹ ਸਿੰਘ ਬਾਜਵਾ, ਤਰੁਣ ਚੂੰਘ, ਰਾਕੇਸ਼ ਰਾਠੌਰ, ਅਨਿਲ ਸਰੀਨ, ਦਿਆਲ ਸੋਢੀ ਸਮੇਤ ਕਈ ਲੋਕ ਮੌਜੂਦ ਨਹੀਂ ਸਨ।
ਇੱਕ ਦਿਨ ਪਹਿਲਾਂ ਭਾਜਪਾ ਨੇ ਆਪਣੀ ਰਾਜ ਚੋਣ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਸੀ। ਜਿਸ ਦੀ ਕਮਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਸੰਭਾਲ ਲਈ ਹੈ। ਇਸ ਦੇ ਨਾਲ ਹੀ ਇਸ ਵਿੱਚ 38 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਵੀ ਮਹਿਲਾ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ।
ਸੁਨੀਲ ਜਾਖੜ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਕਨਵੀਨਰ ਦੇ ਦੋਵੇਂ ਅਹੁਦੇ ਸੰਭਾਲ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਕੇਸ਼ ਰਾਠੌਰ, ਅਨਿਲ ਸਰੀਨ, ਦਿਆਲ ਸਿੰਘ ਸੋਢੀ ਨੂੰ ਕੋ-ਕਨਵੀਨਰ ਵਜੋਂ ਜਗ੍ਹਾ ਦਿੱਤੀ ਹੈ। ਇਸ ਦੇ ਨਾਲ ਹੀ ਦਿਆਲ ਸਿੰਘ ਸੋਢੀ ਕੋਲ ਕਾਲ ਸੈਂਟਰ ਦੇ ਮੁਖੀ ਦਾ ਅਹੁਦਾ ਵੀ ਹੋਵੇਗਾ। ਚੋਣ ਦਫ਼ਤਰ ਦੇ ਮੁਖੀ ਸੁਭਾਸ਼ ਸੂਦ ਅਤੇ ਸਹਿ ਪ੍ਰਧਾਨ ਜਵਾਹਰ ਖੁਰਾਣਾ ਨੂੰ ਬਣਾਇਆ ਗਿਆ ਹੈ।