ਨਵੀਂ ਦਿੱਲੀ, 2 ਮਾਰਚ 2024 – ਅਮਰੀਕਾ ‘ਚ ਨਾਮੀ ਭਾਰਤੀ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬੀਤੇਂ ਦਿਨੀ ਮੰਗਲਵਾਰ ਨੂੰ 27 ਫਰਵਰੀ ਦੀ ਸ਼ਾਮ ਨੂੰ, ਸੇਂਟ ਲੁਈਸ, ਮਿਸੂਰੀ ਸੂਬੇ ਦੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਸ਼ਾਮ ਨੂੰ ਸੈਰ ਕਰ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਅਚਾਨਕ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਭਾਰਤੀ ਮੂਲ ਦੀ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਹ ਗੱਲ ਸਾਂਝੀ ਕੀਤੀ ਹੈ। ਮਸ਼ਹੂਰ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਦੋਸਤ ਅਤੇ ਡਾਂਸਰ ਅਮਰਨਾਥ ਘੋਸ਼ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਮਦਦ ਮੰਗੀ ਹੈ।
ਅਮਰਨਾਥ ਘੋਸ਼ ਪੱਛਮੀ ਬੰਗਾਲ ਦੇ ਕੋਲਕਾਤਾ ਦਾ ਰਹਿਣ ਵਾਲਾ ਸੀ। ਉਹ ਸੇਂਟ ਲੁਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਗਿਆ ਸੀ ਅਤੇ ਪੀ.ਐੱਚ.ਡੀ. ਕਰ ਰਿਹਾ ਸੀ। ਅਮਰਨਾਥ ਘੋਸ਼ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।