ਚੰਡੀਗੜ੍ਹ, 4 ਮਾਰਚ 2024 – 1 ਮਾਰਚ ਨੂੰ ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਨੂੰ ਬਜਟ ਭਾਸ਼ਣ ਪੜ੍ਹਨ ਨਹੀਂ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਰੱਜ ਕੇ ਹੰਗਾਮਾ ਕੀਤਾ ਸੀ। ਇਸ ਕਾਰਨ ਰਾਜਪਾਲ ਨੇ ਪਹਿਲੀ ਅਤੇ ਆਖਰੀ ਸਤਰਾਂ ਪੜ੍ਹ ਕੇ ਭਾਸ਼ਣ ਸਮਾਪਤ ਕੀਤਾ। ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਨੇ ਪਹਿਲੇ ਦਿਨ ਹੀ ਕਾਫੀ ਹੰਗਾਮਾ ਕੀਤਾ ਸੀ। ਜਿਸ ਕਾਰਨ ਵਿਧਾਨ ਸਭਾ ਦੀ ਕਾਰਵਾਈ ਮਹਿਜ਼ 13 ਮਿੰਟਾਂ ਵਿੱਚ ਹੀ ਸਮਾਪਤ ਹੋ ਗਈ।
ਜਿਸ ਦੇ ਵਿਰੋਧ ‘ਚ ਅੱਜ ਵਿਧਾਨ ਸਭਾ ਵਿੱਚ ਮੰਤਰੀ ਬਲਕਾਰ ਸਿੰਘ ਨੇ ਪ੍ਰਸਤਾਵ ਰੱਖਿਆ ਕਿ ਸੰਦੀਪ ਜਾਖੜ ਨੂੰ ਛੱਡ ਕੇ ਕਾਂਗਰਸ ਦੇ ਵਿਧਾਇਕ 1 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਵਿੱਚ ਵਿਘਨ ਪਾਇਆ ਸੀ ਅਤੇ ਇਸ ਮਾਮਲੇ ਵਿੱਚ ਕਾਂਗਰਸੀ ਵਿਧਾਇਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸਦਨ ਦਾ ਅਪਮਾਨ ਕੀਤਾ ਹੈ।
ਇਸ ਦੁਰਵਿਹਾਰ ਦਾ ਨੋਟਿਸ ਲੈਂਦਿਆਂ ਸਪੀਕਰ ਨੇ ਮਤਾ ਪਾਸ ਕਰਕੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਹੈ।