- ਦੋਵੇਂ ਗੰਭੀਰ ਜ਼ਖਮੀ
ਕਪੂਰਥਲਾ, 6 ਮਾਰਚ 2024 – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ‘ਚ ਪਿੰਡ ਉਗਰਪੁਰ ਅਤੇ ਹੈਦਰਾਬਾਦ ਬੇਟ ‘ਚ ਆਵਾਰਾ ਕੁੱਤਿਆਂ ਨੇ ਖੇਡ ਰਹੇ ਦੋ ਮਾਸੂਮ ਬੱਚਿਆਂ (ਇਕ ਲੜਕੀ ਅਤੇ ਇਕ ਲੜਕੇ) ਨੂੰ ਵੱਢ ਲਿਆ। ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੋਵੇਂ ਬੱਚੇ ਦੂਜੇ ਰਾਜਾਂ ਤੋਂ ਆਏ ਮਜ਼ਦੂਰਾਂ ਦੇ ਹਨ। ਦੋਵਾਂ ਬੱਚਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ। ਜਿੱਥੋਂ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾਕਟਰ ਪੁਨੀਤ ਕੌਰ ਨੇ ਦੱਸਿਆ ਕਿ ਮੀਰਾ (6) ਪੁੱਤਰੀ ਵਿਨੋਦ ਹਾਲ ਵਾਸੀ ਪਿੰਡ ਉਗਰਪੁਰ ਅਤੇ ਕਾਰਤਿਕ (3) ਪੁੱਤਰ ਮਨੀ ਕੁਮਾਰ ਵਾਸੀ ਹੈਦਰਾਬਾਦ ਨੂੰ ਆਵਾਰਾ ਕੁੱਤਿਆਂ ਵੱਲੋਂ ਵੱਢਣ ਤੋਂ ਬਾਅਦ ਇਲਾਜ ਲਈ ਉਨ੍ਹਾਂ ਕੋਲ ਲਿਆਂਦਾ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਚੋਂ ਮੀਰਾ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਇਸ ਦੌਰਾਨ ਸਰਪੰਚ ਸੁਖਚੈਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਆਵਾਰਾ ਕੁੱਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕੁੱਤੇ ਹੁਣ ਆਦਮਖੋਰ ਬਣ ਚੁੱਕੇ ਹਨ, ਜਿਨ੍ਹਾਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਆਵਾਰਾ ਕੁੱਤਿਆਂ ਨੇ ਇੱਕ ਔਰਤ ਅਤੇ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਲੋਕ ਇਨ੍ਹਾਂ ਅਵਾਰਾ ਕੁੱਤਿਆਂ ਤੋਂ ਬੇਹੱਦ ਡਰੇ ਹੋਏ ਹਨ। ਘਰੋਂ ਨਿਕਲਣ ਤੋਂ ਡਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੱਚੇ ਖੇਡਦੇ ਸਮੇਂ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਏ।
ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਇਸ ਘਟਨਾ ‘ਤੇ ਬੇਹੱਦ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ ਅਤੇ ਬੀ.ਡੀ.ਪੀ.ਓ. ਨੂੰ ਆਦੇਸ਼ ਦਿੰਦੇ ਹਨ ਕਿ ਇਸ ਮਾਮਲੇ ਵਿੱਚ ਪੀੜਤ ਬੱਚਿਆਂ ਦਾ ਸਹੀ ਇਲਾਜ ਕੀਤਾ ਜਾਵੇ। ਅਸੀਂ ਇਨ੍ਹਾਂ ਛੱਡੇ ਹੋਏ ਕੁੱਤਿਆਂ ਦਾ ਸਥਾਈ ਹੱਲ ਵੀ ਪ੍ਰਦਾਨ ਕਰਾਂਗੇ।