ਸੰਗਰੂਰ, 8 ਮਾਰਚ 2024 – ਦੇਸ਼ ਵਿੱਚ ਚੋਣ ਕਮਿਸ਼ਨ ਕਿਸੇ ਵੀ ਸਮੇਂ ਲੋਕ ਸਭਾ 2024 ਦੀਆਂ ਚੋਣਾਂ ਦਾ ਐਲਾਨ ਕਰ ਸਕਦਾ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਦੀਆਂ 13 ਸੀਟਾਂ ‘ਤੇ ਆਪਣੇ ਉਮੀਦਵਾਰ ਚੁਣਨ ਲਈ ਚਰਚਾ ਕਰ ਰਹੀ ਹੈ। ਅਕਾਲੀ ਦਲ-ਭਾਜਪਾ ਦੇ ਗਠਜੋੜ ਬਾਰੇ ਵੀ ਜਲਦੀ ਹੀ ਫੈਸਲਾ ਲਿਆ ਜਾ ਸਕਦਾ ਹੈ। ਇਨ੍ਹਾਂ ਐਲਾਨਾਂ ਤੋਂ ਪਹਿਲਾਂ ਹੀ ਸੰਗਰੂਰ ਸੀਟ ਚਰਚਾ ਵਿੱਚ ਹੈ। ਦਰਅਸਲ, ਇਸ ਸੀਟ ‘ਤੇ ਦੋ ਸਾਢੂ-ਸਾਢੂ ਇੱਕ ਦੂਜੇ ਦੇ ਖਿਲਾਫ ਚੋਣ ਲੜ ਸਕਦੇ ਹਨ।
ਆਮ ਆਦਮੀ ਪਾਰਟੀ 13 ਵਿਚੋਂ ਕੁਝ ਸੀਟਾਂ ‘ਤੇ ਆਪਣੇ ਮੌਜੂਦਾ ਮੰਤਰੀਆਂ ਨੂੰ ਮੈਦਾਨ ਵਿਚ ਉਤਾਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਸੂਚੀ ਵਿੱਚ ਇੱਕ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਨਾਂ ਵੀ ਵਿਚਾਰਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸੰਗਰੂਰ ਤੋਂ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਅਕਾਲੀ ਦਲ ਵਿੱਚ ਰਲੇਵਾਂ ਹੋ ਗਿਆ ਹੈ। ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਦਾ ਸਰਪ੍ਰਸਤ ਐਲਾਨ ਦਿੱਤਾ ਹੈ। ਅਜਿਹੇ ਵਿੱਚ ਅਕਾਲੀ ਦਲ ਵੀ ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਮਿਲਣੀ ਲਗਪਗ ਤੈਅ ਹੈ।
ਮੀਤ ਹੇਅਰ ਦਾ ਵਿਆਹ ਪਿਛਲੇ ਸਾਲ ਨਵੰਬਰ ਵਿੱਚ ਮੇਰਠ ਦੀ ਡਾਕਟਰ ਗੁਰਵੀਨ ਕੌਰ ਨਾਲ ਤੈਅ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਅਤੇ ਡਾ: ਗੁਰਵੀਨ ਕੌਰ ਦੋਵੇਂ ਚਚੇਰੀਆਂ ਭੈਣਾਂ ਹਨ ਅਤੇ ਦੋਵਾਂ ਦੇ ਆਪਸ ਵਿੱਚ ਬਹੁਤ ਨਜਦੀਕੀ ਰਿਸ਼ਤਾ ਹੈ। ਜੇਕਰ ਦੋਵੇਂ ਪਾਰਟੀਆਂ ਸੰਗਰੂਰ ਤੋਂ ਮੀਤ ਹੇਅਰ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਮੈਦਾਨ ਵਿੱਚ ਉਤਾਰਦੀਆਂ ਹਨ ਤਾਂ ਸਾਢੂ-ਸਾਢੂ ਆਹਮੋ-ਸਾਹਮਣੇ ਹੋਣਗੇ।