- ਪਰਿਵਾਰ ਨੂੰ ਬਾਥਰੂਮ ‘ਚ ਬੇਹੋਸ਼ ਪਿਆ ਮਿਲਿਆ ਸੀ
ਅਬੋਹਰ, 9 ਮਾਰਚ 2024 – ਅਬੋਹਰ ਦੇ ਪਿੰਡ ਆਜ਼ਮਵਾਲਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਆਜ਼ਮਵਾਲਾ ਨੇ ਦੱਸਿਆ ਕਿ ਉਸ ਦਾ 24 ਸਾਲਾ ਲੜਕਾ ਅਕਾਸ਼ਦੀਪ ਮਾੜੀ ਸੰਗਤ ਕਾਰਨ ਨਸ਼ੇ ਦਾ ਆਦੀ ਹੋ ਗਿਆ ਸੀ।
7 ਮਾਰਚ ਨੂੰ ਸਵੇਰੇ ਕਰੀਬ 10 ਵਜੇ ਉਸ ਦਾ ਲੜਕਾ ਅਕਾਸ਼ਦੀਪ ਘਰ ਦੇ ਬਾਥਰੂਮ ‘ਚ ਨਹਾਉਣ ਗਿਆ ਸੀ ਅਤੇ ਕਰੀਬ ਇਕ ਘੰਟੇ ਤੱਕ ਬਾਥਰੂਮ ‘ਚੋਂ ਬਾਹਰ ਨਹੀਂ ਆਇਆ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਨੂੰ ਕਾਫੀ ਆਵਾਜ਼ਾਂ ਮਾਰ ਕੇ ਬੁਲਾਇਆ, ਪਰ ਬਾਥਰੂਮ ਵਿੱਚੋਂ ਕੋਈ ਆਵਾਜ਼ ਨਹੀਂ ਆਈ।
ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਅਕਾਸ਼ਦੀਪ ਬਾਥਰੂਮ ਵਿੱਚ ਬੇਹੋਸ਼ ਪਿਆ ਸੀ, ਜਿਸ ਦੇ ਖੱਬੇ ਹੱਥ ਵਿੱਚ ਟੀਕਾ ਲੱਗਾ ਹੋਇਆ ਸੀ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅਬੋਹਰ ਲਿਜਾਇਆ ਗਿਆ।
ਰਸਤੇ ਵਿਚ ਆਕਾਸ਼ਦੀਪ ਨੇ ਉਸ ਨੂੰ ਦੱਸਿਆ ਕਿ ਉਹ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਆਜ਼ਮਵਾਲਾ ਅਤੇ ਬਲਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਾਮੂਖੇੜਾ ਪਾਸੋਂ ਨਸ਼ੀਲਾ ਪਦਾਰਥ ਲੈ ਕੇ ਆਇਆ ਹੈ ਅਤੇ ਦੋਵਾਂ ਨੇ ਉਸ ਨੂੰ ਨਸ਼ੀਲੇ ਟੀਕੇ ਲਗਾਏ ਸਨ। ਉਸ ਦੇ ਲੜਕੇ ਅਕਾਸ਼ਦੀਪ ਸਿੰਘ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਪੁਲੀਸ ਨੇ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਆਜ਼ਮਵਾਲਾ ਅਤੇ ਬਲਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮਾਮੂਖੇੜਾ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ।