ਚੰਡੀਗੜ੍ਹ, 9 ਮਾਰਚ 2024 – ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਸੀਐਮ ਭਗਵੰਤ ਮਾਨ ਨੇ ਗੁਰਪ੍ਰੀਤ ਜੀਪੀ ਨੂੰ ਆਪ ਵਿਚ ਸ਼ਾਮਲ ਕਰਵਾਇਆ ਹੈ। ਗੁਰਪ੍ਰੀਤ ਸਿੰਘ ਜੀਪੀ ਬੱਸੀ ਪਠਾਨਾ ਤੋਂ ਵਿਧਾਇਕ ਰਹਿ ਚੁੱਕੇ ਹਨ।
ਗੁਰਪ੍ਰੀਤ ਸਿੰਘ ਜੀਪੀ ਮੋਹਾਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ 2017 ਵਿੱਚ ਬੱਸੀ ਪਠਾਣਾਂ ਤੋਂ ਕਾਂਗਰਸ ਨੇ ਟਿਕਟ ਦਿੱਤੀ ਸੀ ਅਤੇ ਜੀਪੀ ਨੇ ‘ਆਪ’ ਦੇ ਸੰਤੋਖ ਸਿੰਘ ਸਲਾਣਾ ਅਤੇ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਸੀ। 2022 ‘ਚ ‘ਆਪ’ ਦੇ ਰੁਪਿੰਦਰ ਸਿੰਘ ਹੈਪੀ ਤੋਂ ਹਾਰ ਗਏ ਸਨ।
ਗੁਰਪ੍ਰੀਤ ਸਿੰਘ ਜੀਪੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੋਂ ਜ਼ਿਆਦਾ ਨਾਰਾਜ਼ ਸਨ, ਕਿਉਂਕਿ ਚੰਨੀ ਦੇ ਭਰਾ ਡਾ: ਮਨੋਹਰ ਸਿੰਘ ਵੀ ਬੱਸੀ ਪਠਾਣਾਂ ਤੋਂ ਕਾਂਗਰਸ ਦੀ ਟਿਕਟ ਮੰਗ ਰਹੇ ਸਨ। ਉਸ ਸਮੇਂ ਜੀਪੀ ਨੇ ਬੜੀ ਮੁਸ਼ਕਲ ਨਾਲ ਟਿਕਟ ਹਾਸਲ ਕੀਤੀ। ਉਦੋਂ ਚੰਨੀ ਦੇ ਭਰਾ ਆਜ਼ਾਦ ਨੇ ਚੋਣ ਲੜੀ ਸੀ। ਜੀਪੀ ਆਪਣੀ ਹਾਰ ਲਈ ਚੰਨੀ ਦੇ ਭਰਾ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਹਨ। ਪਾਰਟੀ ਹਾਈਕਮਾਂਡ ਵੱਲੋਂ ਚੰਨੀ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਜੀਪੀ ਨਾਰਾਜ਼ ਹਨ, ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਛੱਡ ਕੇ ਆਪ ਜੁਆਇਨ ਕਰ ਲਈ ਹੈ।