ਚੰਡੀਗੜ੍ਹ, 13 ਮਾਰਚ 2024 – ਟਰੈਵਲ ਏਜੰਟ ਪੀੜਤ ਕਮੇਟੀ ਪੰਜਾਬ ਦੇ ਆਗੂਆਂ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਉੱਤੇ ਦੋਸ਼ ਲਗਾਏ ਹਨ ਕਿ ਜਾਅਲੀ ਟਰੈਵਲ ਏਜੰਟਾਂ ਖਿਲਾਫ਼ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਜਾਂਦੀ।
ਕਮੇਟੀ ਦੇ ਆਗੂ ਹਰਸ਼ਰਨ ਸਿੰਘ, ਜਸਕੌਰ ਸਿੰਘ, ਹਰਪ੍ਰੀਤ ਅਤੇ ਵਕੀਲ ਮਨਜੀਤ ਸਿੰਘ ਵਿਰਕ ਨੇ ਦੱਸਿਆ ਕਿ ਡਾ.ਰੀਤ ਨਾਂ ਦੀ ਔਰਤ ਤੇ ਉਸਦੇ ਪਤੀ ਨੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਸੱਤ ਦਫ਼ਤਰ ਬਣਾਏ ਹੋਏ ਹਨ ਜਦਕਿ ਉਸ ਦਾ ਅਸਲੀ ਨਾਮ ਹਰਮੀਤ ਕੌੜਾ ਹੈ।
ਇਸੇ ਤਰ੍ਹਾਂ ਸਰਦਾਰ ਬੀਜਹਾਊਸ, ਦਾ ਵੀਜ਼ਾ ਲੈਂਡ , ਦਾ ਜੈਲੋ ਲੀਵ, ਹੀਰਾ ਕੰਸਲਟੈਂਸੀ ਦੇ ਨਾਮ ‘ਤੇ ਦਫਤਰ ਖੋਲ ਕੇ ਲੋਕਾਂ ਨਾਲ ਠੱਗੀ ਲਗਾਈ ਗਈ ਹੈ ।
ਇਹਨਾਂ ਆਗੂਆਂ ਨੇ ਦੱਸਿਆ ਕਿ ਪਹਿਲਾਂ ਇਹਨਾਂ ਜਾਅਲੀ ਟਰੈਵਲ ਏਜੰਟਾਂ ਨੇ ਮਹਾਲੀ ਵਿੱਚ ਭੋਲੇ ਭਾਲੇ ਲੋਕਾਂ ਨਾਲ ਠੱਗੀ ਲਗਾਈ ਅਤੇ ਉਸ ਤੋਂ ਬਾਅਦ ਨਾਮ ਬਦਲ ਕੇ ਇਹਨਾਂ ਨੇ ਚੰਡੀਗੜ੍ਹ ਵਿੱਚ ਦਫਤਰ ਖੋਲ ਲਏ ਹਨ।
ਚਾਰ ਮਹੀਨੇ ਬਾਅਦ ਵੀਜ਼ਾ ਲੱਗਣ ਦੀ ਗਰੰਟੀ ਦੇ ਕੇ ਲੋਕਾਂ ਤੋਂ ਪਜ ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਠੱਗੇ ਗਏ ਹਨ। ਜਦੋਂ ਇਹਨਾਂ ਜਾਅਲੀ ਟਰੈਵਲ ਏਜੰਟਾਂ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਕੋਲ ਦਿੱਤੀ ਜਾਂਦੀ ਹੈ ਤਾਂ ਕਾਰਵਾਈ ਨਹੀਂ ਕੀਤੀ ਜਾਂਦੀ। ਆਗੂਆਂ ਨੇ ਇਹ ਦੋਸ਼ ਵੀ ਲਗਾਏ ਕਿ ਟਰੈਵਲ ਏਜੰਟਾਂ ਨੇ ਆਪਣੇ ਮੂਹਰੇ ਬੰਦੇ ਹੋਰ ਕੀਤੇ ਹੋਏ ਹਨ। ਤੇ ਉਹ ਵੀ ਜਾਅਲੀ ਨਾਮ ‘ਤੇ ਦਫਤਰ ਵਿੱਚ ਬਹਿੰਦੇ ਹਨ ਅਤੇ ਲੋਕਾਂ ਨਾਲ ਠੱਗੀ ਲਗਾਉਂਦੇ ਹਨ।
ਇਹਨਾਂ ਆਗੂਆਂ ਨੇ ਇਹ ਸਬੂਤ ਵੀ ਵਿਖਾਏ ਕਿ ਡਾਕਟਰ ਰੀਤ ਜੋ ਕਿ ਹੋਰ ਨਾਂ ਤੇ ਕੰਮ ਕਰਦੀ ਹੈ ਦੀ ਇੱਕ ਕੇਂਦਰੀ ਮੰਤਰੀਅਤੇ ਪੰਜਾਬ ਦੇ ਇੱਕ ਮੰਤਰੀਆਂ ਨਾਲ ਫੋਟੋ ਹੈ ਅਤੇ ਪੰਜਾਬ ਦੇ ਮੰਤਰੀ ਮੀਹ ਹੇਅਰ ਨੇ ਤਾਂ ਉਸਨੂੰ ਸਨਮਾਨਿਤ ਵੀ ਕੀਤਾ ਹੋਇਆ ਹੈ।
ਇਹਨਾਂ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਹੜੱਪ ਕਰਨ ਵਾਲੇ ਜਾਅਲੀ ਟਰੈਵਲ ਏਜੰਟਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਹ ਧਮਕੀ ਵੀ ਦਿੱਤੀ ਕਿ ਜੇਕਰ ਸਰਕਾਰ ਨੇ ਜਾਅਲੀ ਟਰੈਵਲ ਏਜੰਟਾਂ ਨੂੰ ਨਕੇਲ ਨਾ ਪਾਈ ਤਾਂ ਉਹ ਪੰਜਾਬ ਪੱਧਰ ‘ਤੇ ਵੱਡਾ ਸੰਘਰਸ਼ ਉਲੀਕਣਗੇ ਅਤੇ ਵੋਟਾਂ ਵਿੱਚ ਸਰਕਾਰ ਦਾ ਵਿਰੋਧ ਵੀ ਕਰਨਗੇ।
ਇਹਨਾਂ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਟਰੈਵਲ ਏਜੰਟ ਨੌਜਵਾਨ ਲੜਕੀ ਲੜਕੀਆਂ ਦਾ ਭਵਿੱਖ ਵੀ ਖਰਾਬ ਕਰਦੇ ਹਨ ਕਿਉਂਕਿ ਜਦੋਂ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਤਾਂ ਦੋ ਤਿੰਨ ਸਾਲ ਉਹਨਾਂ ਦੀ ਪੜ੍ਹਾਈ ਦਾ ਸਮਾਂ ਵੀ ਖਰਾਬ ਹੋ ਜਾਂਦਾ ਹੈ। ਇਸ ਮੌਕੇ ਪੰਜਾਬ ਦੇ ਕਰੀਬ 80 ਪਰਿਵਾਰ ਵੀ ਹਾਜ਼ਰ ਸਨ ਜਿਨਾਂ ਸਰਕਾਰ ਤੋਂ ਮੰਗ ਕੀਤੀ ਕਿ ਟਰੈਵਲ ਏਜਂਟਾਂ ਦੀ ਠੱਗੀ ਠੋਰੀ ਤੋਂ ਰੋਕਣ ਵਾਸਤੇ ਸਰਕਾਰ ਨੀਤੀ ਤਿਆਰ ਕਰੇ ।