- BSF-ਪੰਜਾਬ ਪੁਲਿਸ ਨੇ ਇੱਕ ਤਸਕਰ ਫੜਿਆ
ਫਾਜ਼ਿਲਕਾ, 19 ਮਾਰਚ 2024 – ਪੰਜਾਬ ਦੇ ਫਾਜ਼ਿਲਕਾ ਵਿੱਚ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਖੇਤਰ ਵਿੱਚ ਕੀਤੀ ਜਾ ਰਹੀ ਨਾਜਾਇਜ਼ ਅਫੀਮ ਦੀ ਖੇਤੀ ਦਾ ਪਰਦਾਫਾਸ਼ ਕੀਤਾ ਹੈ। ਇਸ ਆਪਰੇਸ਼ਨ ਵਿੱਚ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਲ ਸਨ। ਮੁੱਢਲੀ ਜਾਂਚ ਵਿੱਚ ਪੁਲੀਸ ਨੇ ਫਿਲਹਾਲ ਕਰੀਬ 14.47 ਕਿਲੋ ਪੋਸਤ (ਅਫੀਮ) ਦੇ ਪੌਦੇ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਸਬੰਧੀ ਐਫ.ਆਈ.ਆਰ. ਵੀ ਦਰਜ ਕਰ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੂੰ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ ’ਤੇ ਭੁੱਕੀ ਦੀ ਖੇਤੀ ਕੀਤੀ ਜਾ ਰਹੀ ਹੈ। ਜਿਸ ‘ਤੇ ਸੂਬੇ ‘ਚ ਪੂਰੀ ਤਰ੍ਹਾਂ ਪਾਬੰਦੀ ਹੈ। ਸੂਚਨਾ ਦੇ ਆਧਾਰ ‘ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਦੀ ਜਾਂਚ ਲਈ ਸਾਂਝਾ ਸਰਚ ਅਭਿਆਨ ਚਲਾਇਆ ਗਿਆ।
ਤਲਾਸ਼ੀ ਦੌਰਾਨ ਪਿੰਡ ਚੱਕ ਖੇਵਾ ਢਾਣੀ ਨੇੜੇ ਸ਼ੱਕੀ ਖੇਤਾਂ ‘ਚ ਅਫੀਮ ਦੀ ਖੇਤੀ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਉਕਤ ਜਗ੍ਹਾ ‘ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਵੱਲੋਂ ਉਸ ਨੂੰ ਅੱਜ ਫਾਜ਼ਿਲਕਾ ਦੀ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਉਕਤ ਜਗ੍ਹਾ ‘ਤੇ ਕਿੰਨੇ ਸਮੇਂ ਤੋਂ ਖੇਤੀ ਕਰਦਾ ਆ ਰਿਹਾ ਹੈ |
ਦੱਸ ਦਈਏ ਕਿ ਜਦੋਂ ਟੀਮ ਉਕਤ ਖੇਤ ‘ਚ ਪਹੁੰਚੀ ਤਾਂ ਜਿੱਥੇ ਜਿੱਥੇ ਪੋਸਤ ਦੀ ਫਸਲ ਉਗਾਈ ਗਈ ਸੀ, ਉਥੇ ਸਰ੍ਹੋਂ ਦੀ ਫਸਲ ਦੇ ਪੌਦੇ ਵੀ ਲਗਾਏ ਗਏ ਸਨ। ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਟੀਮ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਖੇਤ ਵਿੱਚੋਂ ਭੁੱਕੀ ਦੇ ਸਾਰੇ ਬੂਟੇ ਪੁੱਟ ਦਿੱਤੇ ਹਨ। ਮੌਕੇ ਤੋਂ ਕੁੱਲ 14.470 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਗਏ। ਉਕਤ ਖੇਤਾਂ ਨੂੰ ਲੱਭਣ ਵਿੱਚ ਟੀਮਾਂ ਨੂੰ ਕਾਫੀ ਸਮਾਂ ਲੱਗ ਗਿਆ ਕਿਉਂਕਿ ਖੇਤਾਂ ਦੇ ਵਿਚਕਾਰ ਪੋਸਤ (ਅਫੀਮ) ਦੀ ਖੇਤੀ ਕੀਤੀ ਜਾ ਰਹੀ ਸੀ।