- ਬਿਹਾਰ ਵਿੱਚ ਐਨਡੀਏ ਦੀ ਸੀਟ ਵੰਡ ਤੋਂ ਕੀਤਾ ਪਾਸੇ
- ਭਤੀਜੇ ਚਿਰਾਗ ਨੂੰ 5 ਸੀਟਾਂ ਮਿਲੀਆਂ
ਬਿਹਾਰ, 19 ਮਾਰਚ 2024 – RLJP ਦੇ ਰਾਸ਼ਟਰੀ ਪ੍ਰਧਾਨ ਪਸ਼ੂਪਤੀ ਪਾਰਸ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਨਡੀਏ ਵਿੱਚ ਮੇਰੇ ਨਾਲ ਬੇਇਨਸਾਫ਼ੀ ਹੋਈ ਹੈ। ਹੁਣ ਮੈਂ ਫੈਸਲਾ ਕਰਾਂਗਾ ਕਿ ਕਿੱਥੇ ਜਾਣਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਇਹ ਐਲਾਨ ਕੀਤਾ।
ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਪਸ਼ੂਪਤੀ ਕੁਮਾਰ ਪਾਰਸ ਨੇ ਕਿਹਾ, 5-6 ਦਿਨ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਮੈਂ ਐਨਡੀਏ ਵੱਲੋਂ ਸੀਟਾਂ ਦਾ ਐਲਾਨ ਹੋਣ ਤੱਕ ਇੰਤਜ਼ਾਰ ਕਰਾਂਗਾ।
ਮੈਂ ਐਨਡੀਏ ਦੀ ਬਹੁਤ ਈਮਾਨਦਾਰੀ ਨਾਲ ਸੇਵਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵੱਡੇ ਨੇਤਾ ਹਨ, ਪਰ ਸਾਡੀ ਪਾਰਟੀ ਅਤੇ ਸਾਡੇ ਨਾਲ ਨਿੱਜੀ ਤੌਰ ‘ਤੇ ਬੇਇਨਸਾਫ਼ੀ ਹੋਈ ਹੈ। ਇਸ ਲਈ ਮੈਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।
ਸੋਮਵਾਰ ਨੂੰ NDA ਨੇ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਲਈ ਸ਼ੀਟ ਸ਼ੇਅਰਿੰਗ ਦਾ ਐਲਾਨ ਕੀਤਾ। ਭਾਜਪਾ, ਜੇਡੀਯੂ, ਐਲਜੇਪੀ (ਰਾਮ ਵਿਲਾਸ), ਰਾਸ਼ਟਰੀ ਲੋਕ ਮੋਰਚਾ ਅਤੇ ਐਚਏਐਮ ਵਿਚਕਾਰ ਸੀਟਾਂ ਦੀ ਵੰਡ ਕੀਤੀ ਗਈ ਸੀ। ਇਸ ਦੇ ਨਾਲ ਹੀ ਇਸ ਡਿਵੀਜ਼ਨ ਵਿੱਚ ਪਸ਼ੂਪਤੀ ਕੁਮਾਰ ਪਾਰਸ ਦੀ ਪਾਰਟੀ ਰਾਸ਼ਟਰੀ ਲੋਜਪਾ ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈ। ਗਠਜੋੜ ਅੰਦਰ ਉਨ੍ਹਾਂ ਦੀ ਪਾਰਟੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਦੋਂ ਤੋਂ ਉਹ ਨਾਰਾਜ਼ ਹਨ।
ਸੂਤਰਾਂ ਮੁਤਾਬਕ ਪਸ਼ੂਪਤੀ ਪਾਰਸ ਦੀ ਪਾਰਟੀ ਆਰਜੇਡੀ ਦੇ ਸੰਪਰਕ ਵਿੱਚ ਹਨ। ਉਮੀਦ ਹੈ ਕਿ ਉਹ ਅੱਜ ਜਾਂ ਕੱਲ੍ਹ ਕੋਈ ਵੱਡਾ ਐਲਾਨ ਕਰ ਸਕਦੇ ਹਨ। ਪਸ਼ੂਪਤੀ ਪਾਰਸ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਹਾਜੀਪੁਰ ਸੀਟ ਤੋਂ ਚੋਣ ਲੜਨਗੇ। ਹੁਣ ਚਿਰਾਗ ਨੂੰ ਇਹ ਸੀਟ ਐਨ.ਡੀ.ਏ. ਨੇ ਦਿੱਤੀ ਹੈ।
2019 ਵਿੱਚ ਪਸ਼ੂਪਤੀ ਪਾਰਸ ਹਾਜੀਪੁਰ ਸੀਟ ਤੋਂ ਲੋਕ ਸਭਾ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ਵਿੱਚ ਥਾਂ ਦਿੱਤੀ ਅਤੇ ਕੇਂਦਰ ਵਿੱਚ ਮੰਤਰੀ ਬਣਾ ਦਿੱਤਾ। ਪਰ, 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਨੇ ਭਤੀਜੇ ਚਿਰਾਗ ਪਾਸਵਾਨ ਨੂੰ ਤਰਜੀਹ ਦਿੱਤੀ ਅਤੇ ਸਿੱਧੇ ਤੌਰ ‘ਤੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੂੰ ਨਜ਼ਰਅੰਦਾਜ਼ ਕਰ ਦਿੱਤਾ।