ਨਵੀਂ ਦਿੱਲੀ, 22 ਮਾਰਚ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਸ਼ਰਾਬ ਨੀਤੀ ਮਾਮਲੇ ਵਿੱਚ 21 ਮਾਰਚ ਦੀ ਸ਼ਾਮ ਨੂੰ ਸੀਐਮ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਈਡੀ ਦੀ ਟੀਮ ਉਸ ਨੂੰ 10ਵੀਂ ਵਾਰ ਸੰਮਨ ਦੇਣ ਆਈ ਸੀ। ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਨੂੰ ਈਡੀ ਦਫਤਰ ਲਿਜਾਇਆ ਗਿਆ। ਆਰਐਮਐਲ ਹਸਪਤਾਲ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਨੇ ਕੇਜਰੀਵਾਲ ਦਾ ਮੈਡੀਕਲ ਕੀਤਾ। ਕੇਜਰੀਵਾਲ ਨੇ ਈਡੀ ਦੇ ਲਾਕਅੱਪ ‘ਚ ਰਾਤ ਕੱਟੀ।
ਅੱਜ ਕੇਜਰੀਵਾਲ ਨੂੰ ਹਾਈਕੋਰਟ ‘ਚ ਪੇਸ਼ ਕੀਤਾ ਜਾਵੇਗਾ। ਪੇਸ਼ੀ ਤੋਂ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਦਾ ਮੈਡੀਕਲ ਕਰਵਾਇਆ ਜਾ ਸਕਦਾ ਹੈ। ਈਡੀ ਕੇਜਰੀਵਾਲ ਦਾ ਰਿਮਾਂਡ ਹਾਸਲ ਕਰਨ ਲਈ ਯਤਨ ਕਰੇਗੀ। ਦਿੱਲੀ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਹੀ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣਗੇ। ਜੇਲ੍ਹ ਤੋਂ ਹੀ ਸਰਕਾਰ ਚੱਲੇਗੀ। ਉਥੇ ਹੀ ਅੱਜ ‘ਆਪ’ ਵੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰੇਗੀ।
ਬੀਤੇ ਦਿਨ ਈਡੀ ਦੀ ਟੀਮ ਵੀਰਵਾਰ (21 ਮਾਰਚ) ਨੂੰ 10ਵੇਂ ਸੰਮਨ ਅਤੇ ਸਰਚ ਵਾਰੰਟ ਲੈ ਕੇ ਸ਼ਾਮ 7 ਵਜੇ ਕੇਜਰੀਵਾਲ ਦੇ ਘਰ ਪਹੁੰਚੀ ਸੀ। ਜਾਂਚ ਏਜੰਸੀ ਨੇ ਉਸ ਤੋਂ ਦੋ ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਰਾਤ 9 ਵਜੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਕੇਜਰੀਵਾਲ ਦੀ ਕਾਨੂੰਨੀ ਟੀਮ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਅਤੇ ਤੁਰੰਤ ਸੁਣਵਾਈ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਬੀਆਰਐਸ ਆਗੂ ਕੇ ਕਵਿਤਾ, ਜੋ ਪਹਿਲਾਂ ਹੀ ਈਡੀ ਦੀ ਹਿਰਾਸਤ ਵਿੱਚ ਹੈ, ਨੇ ਆਪਣੀ ਗ੍ਰਿਫ਼ਤਾਰੀ ਨੂੰ ਐਸਸੀ ਵਿੱਚ ਚੁਣੌਤੀ ਦਿੱਤੀ ਹੈ। ਉਸ ਦੀ ਪਟੀਸ਼ਨ ‘ਤੇ ਵੀ ਅੱਜ ਸੁਣਵਾਈ ਹੋਣੀ ਹੈ।
ਉੱਥੇ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ED ਨੇ 26 ਫਰਵਰੀ 2022 ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਮਨੀਸ਼ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਬਿਨਾਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ 4 ਅਕਤੂਬਰ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਘਰ ‘ਤੇ ਈਡੀ ਦੀ 10 ਘੰਟੇ ਦੀ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰੀ ਕੀਤੀ ਗਈ ਸੀ।