ਫ਼ਿਰੋਜ਼ਪੁਰ, 23 ਮਾਰਚ 2024 – ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਆਪਣੇ ਗੁਪਤ ਅੰਗ ‘ਚ ਨਸ਼ੀਲੇ ਪਦਾਰਥਾਂ ਦੇ 3 ਪੈਕੇਟ ਲੁਕੋ ਵਾਪਿਸ ਪਰਤਿਆ ਸੀ। ਪਰ ਜਿਵੇਂ ਹੀ 22 ਮਾਰਚ ਨੂੰ ਪੈਰੋਲ ਕੱਟ ਕੇ ਵਾਪਿਸ ਪਰਤੇ ਕੈਦੀ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਉਸ ‘ਤੇ ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਲਿਜਾ ਕੇ ਉਸ ਦਾ ਐਕਸਰੇ ਕਰਵਾਇਆ ਅਤੇ ਉਸ ਦੇ ਪ੍ਰਾਈਵੇਟ ਪਾਰਟ ਵਿੱਚ ਤਿੰਨ ਪੈਕਟ ਮਿਲੇ। ਜਦੋਂ ਇਨ੍ਹਾਂ ਨੂੰ ਬਾਹਰ ਕੱਢ ਕੇ ਚੈੱਕ ਕੀਤਾ ਗਿਆ ਤਾਂ ਤਿੰਨਾਂ ਪੈਕਟਾਂ ‘ਚੋਂ 100 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ। ਜਿਸ ‘ਚ 32.38 ਗ੍ਰਾਮ ਨਸ਼ੀਲੀਆਂ ਗੋਲੀਆਂ, 32 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਅਤੇ 44 ਗ੍ਰਾਮ ਬਰਾਮਦ ਹੋਇਆ।
ਜਿਸ ਤੋਂ ਬਾਅਦ ਉਕਤ ਕੈਦੀ ਖਿਲਾਫ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਫ਼ਿਰੋਜ਼ਪੁਰ ਸਿਟੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਰਵਜੀਤ ਸਿੰਘ ਅਤੇ ਰਿਸ਼ਵਪਾਲ ਗੋਇਲ ਨੇ ਦੱਸਿਆ ਕਿ ਕੈਦੀ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਨਰਾਇਣ ਸਿੰਘ ਵਾਸੀ ਪਿੰਡ ਮੁਹੰਮਦ ਧੀਰਾ ਜ਼ਿਲ੍ਹਾ ਫ਼ਾਜ਼ਲਿਕਾ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ।
ਫ਼ਿਰੋਜ਼ਪੁਰ ਸਿਟੀ ਥਾਣੇ ਦੇ ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕੈਦੀ ਇਹ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਇਆ ਸੀ ਅਤੇ ਉਹ ਕਿਸ ਕੋਲ ਸੀ ਅਤੇ ਜੇਲ੍ਹ ਅੰਦਰ ਕਿਸ ਨੂੰ ਸਪਲਾਈ ਕਰਨ ਜਾ ਰਿਹਾ ਸੀ।