ਲੁਧਿਆਣਾ , 23 ਮਾਰਚ 2024 – ਸ਼੍ਰੋਮਣੀ ਅਕਾਲੀ ਦਲ ਨਾਲ ਨਰਾਜ਼ਗੀ ਖਤਮ ਕਰਦਿਆਂ ਵਿਧਾਨ ਸਭਾ ਚ ਅਕਾਲੀ ਐਮ ਐਲ ਏਜ਼ ਗਰੁੱਪ ਦੇ ਮੁਖੀ ਮਨਪ੍ਰੀਤ ਸਿੰਘ ਇਆਲ਼ੀ ਨੇ ਲੋਕ ਸਭਾ ਵੋਟਾਂ ਚ ਖੁੱਲ੍ਹ ਕੇ ਅਕਾਲੀ ਦਲ ਦੇ ਹੱਕ ਚ ਤੁਰਨ ਦਾ ਐਲਾਨ ਕੀਤਾ। ਅਕਾਲੀ ਦਲ ਕੋਰ ਕਮੇਟੀ ਵੱਲੋਂ ਕੱਲ ਲਏ ਗਏ ਫੈਸਲੇ ਦੇ ਮੱਦੇਨਜਰ ਇਆਲ਼ੀ ਨੇ ਇਹ ਸਟੈਂਡ ਲਿਆ ਹੈ।ਕੋਰ ਕਮੇਟੀ ਨੇ ਕੱਲ ਹੋਈ ਮੀਟਿੰਗ ਬੀ ਜੇ ਪੀ ਨਾਲ ਬਿਨਾ ਸ਼ਰਤ ਚੋਣ ਗੱਠਜੋੜ ਤੋਂ ਨਾਂਹ ਕਰਦਿਆਂ ਕਿਹਾ ਕਿ ਜਿੰਨਾ ਚਿਰ ਅਕਾਲੀ ਦਲ ਦੀਆਂ ਮੰਗਾਂ ਬਾਰੇ ਕੇਂਦਰ ਸਰਕਾਰ ਕੋਈ ਐਲਾਨ ਨਹੀਂ ਕਰਦੀ ਉਨ੍ਹਾਂ ਚਿਰ ਗੱਠਜੋੜ ਸੰਭਵ ਨਹੀਂ ।
ਆਪਣੇ ਫੇਸਬੁੱਕ ਪੇਜ ਤੇ ਲਾਈਵ ਹੁੰਦਿਆਂ ਹਲਕਾ ਦਾਖਾ ਤੋਂ ਐਮ ਐਲ ਏ ਮਨਪ੍ਰੀਤ ਸਿੰਘ ਇਆਲ਼ੀ ਨੇ ਅਕਾਲੀ ਦਲ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਤੇ ਪੰਜਾਬ ਵਾਸੀਆਂ ਨੂੰ ਤੱਕੜੀ ਚੋਣ ਨਿਸ਼ਾਨ ਵਾਲੇ ਉਮੀਦਵਾਰਾਂ ਦੇ ਹੱਕ ਚ ਭੁਗਤਣ ਦੀ ਅਪੀਲ ਕੀਤੀ। ਉੱਨਾਂ ਕਿਹਾ ਕਿ ਪੰਜਾਬ ਦੀਆਂ ਮੰਗਾਂ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ , ਅੰਮ੍ਰਿਤਪਾਲ ਸਿੰਘ ਹੋਣਾ ਤੇ ਲੱਗਿਆ ਐਨ ਐਸ ਏ ਹਟਾਉਣ ਅਤੇ ਕਿਸਾਨੀ ਮੰਗਾਂ ਬਾਰੇ ਕੇਂਦਰ ਵੱਲੋਂ ਕੋਈ ਮੰਗ ਨਹੀਂ ਮੰਨੀ ਜਾਂਦੀ ਉਨ੍ਹਾਂ ਚਿਰ ਗੱਠਜੋੜ ਦੀ ਸੰਭਾਵਨਾ ਨੂੰ ਅਕਾਲੀ ਦਲ ਵੱਲੋਂ ਰੱਦ ਕਰਨ ਦੇ ਫੈਸਲਾ ਤਸੱਲੀ ਵਾਲਾ ਹੈ। ਜਿਕਰਯੋਗ ਹੈ ਪਿਛਲੇ ਇੱਕ ਸਾਲ ਤੋਂ ਇਆਲ਼ੀ ਨੇ ਅਕਾਲੀ ਦਲ ਦੇ ਪ੍ਰਧਾਨ ਤੋਂ ਖੁੱਲ੍ਹ ਕੇ ਦੂਰੀ ਬਣਾਈ ਹੋਈ ਸੀ ਤੇ ਰਾਸ਼ਟਰਪਤੀ ਦੀ ਚੋਣ ਵਿੱਚ ਅਕਾਲੀ ਦਲ ਦੇ ਫੈਸਲੇ ਤੋਂ ਉਲਟ ਸਟੈਂਡ ਲੈਂਦਿਆਂ ਆਪਣੀ ਵੋਟ ਪੋਲ ਨਹੀਂ ਸੀ ਕੀਤੀ।