- ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਦੇ ਵੀ ਸਿਧਾਂਤਾਂ ’ਤੇ ਸਮਝੌਤਾ ਨਹੀਂ ਕਰੇਗਾ, ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਕਿ ਕੌਮੀ ਪਾਰਟੀਆਂ ਇਕ ਫਿਰਕੇ ਨੂੰ ਦੂਜੇ ਨਾਲ ਭਿੜਾ ਕੇ ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਹਨ
- ਪੁੱਛਿਆ ਕਿ ਪੰਜਾਬ ਸ਼ਰਾਬ ਘੁਟਾਲੇ ਵਿਚ ਭਗਵੰਤ ਮਾਨ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ, ਪੁੱਛਿਆ ਕਿ ਕੀ ਮਾਮਲੇ ’ਤੇ ਫਿਕਸ ਮੈਚ ਖੇਡਿਆ ਜਾ ਰਿਹੈ ?
ਖੱਟਕੜ ਕਲਾਂ, 23 ਮਾਰਚ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਉਸਦੇ ਤਰੀਕੇ ਦੇਸ਼, ਪੰਜਾਬ ਤੇ ਫਿਰਕੂ ਸਦਭਾਵਨਾ ਲਈ ਵਚਨਬੱਧ ਹੈ ਜਿਵੇਂ ਮਹਾਨ ਸ਼ਹੀਦ, ਸਰਦਾਰ ਭਗਤ ਸਿੰਘ ਸਨ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਸਰਕਾਰ ਬਣਾਉਣ ਲਈ ਸ਼ਹੀਦ ਦੇ ਨਾਂ ਦੀ ਦੁਰਵਰਤੋਂ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਆਪ ਨੇ ਸ਼ਹੀਦ ਨੂੰ ਜਿਹੜੇ ਸਿਧਾਂਤ ਪਿਆਰੇ ਸਨ, ਉਹਨਾਂ ਸਾਰਿਆਂ ਦਾ ਅਪਮਾਨ ਕੀਤਾ ਹੈ।
ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਪੰਜਾਬ ਸ਼ਰਾਬ ਘੁਟਾਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਤੇ ਕਿਹਾ ਕਿ ਕੀ ਇਸ ਮਾਮਲੇ ’ਤੇ ਫਿਕਸ ਮੈਚ ਖੇਡਿਆ ਜਾ ਰਿਹਾ ਹੈ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਵਿਖੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਇਕ ਸੈਮੀਨਾਰ ਵਿਚ ਸ਼ਮੂਲੀਅਤ ਕੀਤੀ ਜਿਥੇ ਸ਼ਹੀਦ ਭਗਤ ਸਿੰਘ ਨੂੰ ਪਿਆਰੇ ਆਦਰਸ਼ਾਂ ’ਤੇ ਚਰਚਾ ਕੀਤੀ ਗਈ ਤੇ ਇਹ ਵੀ ਦੱਸਿਆ ਗਿਆ ਕਿ ਕਿਵੇਂ ਇਹਨਾਂ ਨੂੰ ਖੋਰਾ ਲਗਾਇਆ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਸ਼ਹੀਦ ਦੀ ਯਾਦਗਾਰ ’ਤੇ ਸ਼ਰਧਾਂਜਲੀ ਦੇਣ ਦੀ ਥਾਂ ’ਤੇ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਡੱਟਣ ਵਾਸਤੇ ਦਿੱਲੀ ਜਾ ਪਹੁੰਚਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਖੇਧੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ, ਨੇ ਇਸ ਮੌਕੇ ਸੈਮੀਨਾਰ ਵਿਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਅਕਾਲੀ ਦਲ ਸਿਰਫ ਇਕ ਸਿਆਸੀ ਪਾਰਟੀ ਨਹੀਂ ਬਲਕਿ ਇਕ ਸੋਚ ਹੈ। ਉਹਨਾਂ ਕਿਹਾ ਕਿ ਅਸੀਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਡੱਟਣ ਲਈ ਦ੍ਰਿੜ੍ਹ ਸੰਕਲਪ ਹਾਂ ਤੇ ਅਸੀਂ ਆਜ਼ਾਦੀ ਤੋਂ ਪਹਿਲਾਂ ਅੰਗੇਰਜ਼ਾਂ ਦੇ ਰਾਜ ਵਿਚ ਤੇ ਆਜ਼ਾਦੀ ਮਗਰੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੰਸੀ ਵੇਲੇ ਅਜਿਹਾ ਕੀਤਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਆਪਣੇ ਸਿਧਾਂਤਾਂ ’ਤੇ ਕਾਇਮ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਖੇਡ ਰਹੀਆਂ ਹਨ ਤੇ ਉਹਨਾਂ ਇਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਖਿਲਾਫ ਡਟਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਪਾਰਟੀਆਂ ਭਗਤ ਸਿੰਘ ਦੀ ਸੋਚ ’ਤੇ ਨਹੀਂ ਚਲ ਰਹੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਆਪਣੇ ਸਿਧਾਂਤਾਂ ’ਤੇ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਕਰੇਗਾ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਪਹਿਲਾਂ ਸ਼ਹੀਦਾਂ ਵਾਂਗੂ ਹੀ ਦਸਤਾਰ ਸਜਾਉਂਦੇ ਸਨ ਪਰ ਸੱਤਾ ਮਿਲਦਿਆਂ ਹੀ ਉਹਨਾਂ ਨੇ ਸ਼ਹੀਦਾਂ ਨੂੰ ਵਿਸਾਰ ਦਿੱਤਾ। ਉਹਨਾਂ ਕਿਹਾ ਕਿ ਆਪ ਵਿਧਾਇਕਾਂ ਵੱਲੋਂ ਖੁਲ੍ਹੇ ਆਮ ਕੀਤੀ ਜਾ ਰਹੀ ਲੁੱਟ ਖਸੁੱਟ ਸ਼ਹੀਦ ਭਗਤ ਦੇ ਉੱਚੇ ਸੁੱਚੇ ਆਦਰਸ਼ਾਂ ਦੇ ਉਲਟ ਹੈ। ਉਹਨਾਂ ਨੇ ਕਾਂਗਰਸ ਪਾਰਟੀ ਵੱਲੋਂ ਸ਼ਹੀਦਾਂ ਦੇ ਨਾਂ ’ਤੇ ਝੂਠੀਆਂ ਸਹੁੰਆਂ ਖਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਵੀ ਨਿਖੇਧੀ ਕੀਤੀ।
ਖੱਟਕੜ ਕਲਾਂ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਸਵਾਲ ਕੀਤਾ ਕਿ ਪੰਜਾਬ ਸ਼ਰਾਬ ਘੁਟਾਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ? ਉਹਨਾਂ ਕਿਹਾ ਕਿ ਪੰਜਾਬ ਆਬਕਾਰੀ ਨੀਤੀ ਵੀ ਦਿੱਲੀ ਦੀ ਨੀਤੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਇਹਨਾਂ ਹੀ ਲੋਕਾਂ ਨੇ ਪੰਜਾਬ ਆਬਕਾਰੀ ਨੀਤੀ ਘੜੀ ਸੀ। ਉਹਨਾਂ ਕਿਹਾ ਕਿ ਮੈਂ ਦਿੱਲੀ ਵਿਚ ਪੰਜਾਬ ਆਬਕਾਰੀ ਨੀਤੀ ਘੜਨ ਵੇਲੇ ਹੋਈਆਂ ਮੀਟਿੰਗਾਂ ਦੇ ਵੇਰਵੇ ਵੀ ਸਾਂਝੇ ਕੀਤੇ ਸਨ। ਉਹਨਾਂ ਕਿਹਾ ਕਿ ਇਸ ਨੀਤੀ ਦੇ ਨਤੀਜੇ ਵਜੋਂ ਆਪ ਨੇ ਪੰਜਾਬ ਦੇ ਖ਼ਜ਼ਾਨੇ ਵਿਚੋਂ ਸੈਂਕੜੇ ਕਰੋੜਾਂ ਰੁਪਏ ਲੁੱਟੇ ਹਨ।ਉਹਨਾਂ ਕਿਹਾ ਕਿ ਲੋਕ ਸਵਾਲ ਕਰ ਰਹੇ ਹਨ ਕਿ ਕੇਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਅਤੇ ਇਹ ਕਿਆਸ ਅਰਾਈਆਂ ਹਨ ਕਿ ਇਸ ਕੇਸ ਵਿਚ ਫਿਕਸ ਮੈਚ ਖੇਡਿਆ ਜਾ ਰਿਹਾ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਨਾਲ 21 ਮੌਤਾਂ ਹੋ ਚੁੱਕੀਆਂ ਹਨ ਪਰ ਇਸ ਲਈ ਜ਼ਿੰਮੇਵਾਰ ਅਨਸਰ ਹਾਲੇ ਵੀ ਫਰਾਰ ਹਨ। ਉਹਨਾਂ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਗੱਲ ਹੈ ਕਿ ਲੋਕਾਂ ਕੋਲ ਪਹੁੰਚਣ ਦੀ ਥਾਂ ’ਤੇ ਭਗਵੰਤ ਮਾਨ ਦਿੱਲੀ ਵਿਚ ਕੇਜਰੀਵਾਲ ਦੇ ਹਿੱਤਾਂ ਵਾਸਤੇ ਸੇਵਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਸੈਮੀਨਾਰ ਵਿਚ ਪ੍ਰਸਿੱਧ ਬੁੱਧੀਜੀਵੀ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਇਹ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਲਈ ਢੁਕਵਾਂ ਸਮਾਂ ਹੈ ਕਿ ਉਹ ਅੱਗੇ ਆਵੇ ਤੇ ਸੂਬੇ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਚੁੱਕੇ। ਬੁੱਧੀਜੀਵੀ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਸੂਬੇ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ ਕਿਉਂਕਿ ਲੋਕਾਂ ਨੇ ਹੋਰ ਪਾਰਟੀਆਂ ਤੋਂ ਆਸ ਗੁਆ ਲਈ ਹੈ।
ਇਸ ਮੌਕੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਰਾਜ ਵਿਚ ਵਿਵਸਥਾ ਢਹਿ ਢੇਰੀ ਹੋ ਰਹੀ ਹੈ ਅਤੇ ਪ੍ਰਮੁੱਖ ਵਿਰੋਧੀ ਧਿਰ ਸੱਤਾਧਾਰੀ ਧਿਰ ਨਾਲ ਰਲ ਗਈ ਹੈ। ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਗਰੀਬਾਂ, ਮਜ਼ਲੂਮਾਂ, ਦਬੇ ਕੁਚਲਿਆਂ, ਘੱਟ ਗਿਣਤੀਆਂ ਤੇ ਕਿਸਾਨਾਂ ਦੀ ਆਵਾਜ਼ ਹੈ।
ਇਸ ਮੌਕੇ ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਜ਼ਿਲ੍ਹਾ ਅਕਾਲੀ ਦਲ ਪ੍ਰਧਾਨ ਸੁਖਦੀਪ ਸਿੰਘ ਸੁਕਰ ਵੀ ਹਾਜ਼ਰ ਸਨ।