ਨਕਲੀ ਸ਼ਰਾਬ ਮਾਮਲਾ: ਸਿਹਤ ਵਿਭਾਗ ਦੀਆਂ ਟੀਮਾਂ 24 ਘੰਟੇ ਕਾਰਜਸ਼ੀਲ: ਪ੍ਰਮੁੱਖ ਸਕੱਤਰ ਅਜੋਏ ਸ਼ਰਮਾ

  • ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਹਤ ਵਿਭਾਗ ਦੇ ਅਮਲੇ ਨਾਲ ਮੀਟਿੰਗ ਦੇ ਨਾਲ-ਨਾਲ ਪ੍ਰਭਾਵਿਤ ਪਿੰਡਾਂ ਦਾ ਵੀ ਦੌਰਾ
  • ਜ਼ਿਲ੍ਹਾ ਪ੍ਰਸ਼ਾਸਨ ਦੇ ਹਰ ਮਹਿਕਮੇ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿੱਤੀ ਜਾ ਰਹੀ ਹੈ ਹਰ ਸੰਭਵ ਸਹਾਇਤਾ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ

ਸੰਗਰੂਰ, 24 ਮਾਰਚ, 2024: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਵੱਲੋਂ ਜ਼ਿਲ੍ਹਾ ਸੰਗਰੂਰ ‘ਚ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਗੈਰ ਕੁਦਰਤੀ ਮੌਤਾਂ ਸੰਬੰਧੀ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਡਾਕਟਰੀ ਅਮਲੇ ਨਾਲ ਸਮੀਖਿਆ ਮੀਟਿੰਗ ਕੀਤੀ। ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਨੇ ਲੋਕਾਂ ਦੀ ਜਾਣਕਾਰੀ ਲਈ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਕੀਤੇ ਜਾ ਰਹੇ ਸਰਵੇ ਅਤੇ ਪਿੰਡਾਂ ਵਿੱਚ ਕੀਤੇ ਜਾ ਰਹੇ ਆਮ ਇਜਲਾਸ ਦਾ ਮਕਸਦ ਕਿਸੇ ਤਰ੍ਹਾਂ ਦੀ ਕੋਈ ਤਫਤੀਸ਼ ਕਰਨਾ ਨਹੀਂ ਹੈ ਸਗੋਂ ਇਸਦਾ ਮੁੱਖ ਮਕਸਦ ਲੋਕਾਂ ਨੂੰ ਨਕਲੀ ਸ਼ਰਾਬ ਦੀ ਵਰਤੋਂ ਪ੍ਰਤੀ ਸੁਚੇਤ ਕਰਕੇ ਕੀਮਤੀ ਜਾਨਾਂ ਬਚਾਉਣਾ ਹੈ।

ਉਨ੍ਹਾਂ ਡਾਕਟਰੀ ਅਮਲੇ ਨੂੰ ਵੀ ਹਦਾਇਤ ਕੀਤੀ ਕਿ ਆਮ ਇਜਲਾਸ ਦੌਰਾਨ ਉਨ੍ਹਾਂ ਦਾ ਵਿਹਾਰ ਦੋਸਤਾਨਾ ਹੋਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਥਾਂ ‘ਤੇ ਇੱਕ ਤੋਂ ਵੱਧ ਵਾਰ ਵੀ ਜਾਣਾ ਪਵੇ ਤਾਂ ਕੋਈ ਝਿਜਕ ਨਹੀਂ ਕਰਨੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਆਮ ਇਜਲਾਸ ਤੇ ਘਰ ਘਰ ਸਰਵੇਖਣ ਦੌਰਾਨ ਮੁੱਢਲੀ ਸਹਾਇਤਾ ਲਈ ਸਾਰੀਆਂ ਦਵਾਈਆਂ ਹਰ ਟੀਮ ਕੋਲ ਮੌਜੂਦ ਹੋਣੀਆਂ ਲਾਜ਼ਮੀ ਹਨ ਕਿਉਂਕਿ ਅਗਲੇ ਦੋ ਦਿਨ ਬਹੁਤ ਸੰਵੇਦਨਸ਼ੀਲ ਹਨ ਤੇ ਸਾਰਿਆਂ ਨੇ ਪੂਰੀ ਤਨਦੇਹੀ ਨਾਲ ਕੰਮ ਕਰਨਾ ਹੈ।

ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ ਵੱਲੋਂ ਨਕਲੀ ਸ਼ਰਾਬ ਨਾਲ ਪ੍ਰਭਾਵਿਤ ਪਿੰਡਾਂ, ਟਿੱਬੀ ਰਵਿਦਾਸਪੁਰਾ, ਜਖੇਪਲ ਆਦਿ ਦਾ ਦੌਰਾ ਵੀ ਕੀਤਾ। ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਹੌਂਸਲਾ ਅਫਜਾਈ ਕੀਤੀ ਜੋ 24 ਘੰਟੇ ਕਾਰਜਸ਼ੀਲ ਰਹਿ ਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਪੂਰੀ ਵਾਹ ਲਾ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਦੇਹੀ ਨਾਲ ਆਪਣੇ ਕਾਰਜ ਜਾਰੀ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਸ਼ੱਕੀ ਮਰੀਜ਼ਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਰੈਫਰ ਕੀਤਾ ਜਾਵੇ ਅਤੇ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਨਕਲੀ ਸ਼ਰਾਬ ਦੀ ਸੰਭਾਵੀ ਇਲਾਕਿਆਂ ‘ਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾਵੇ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਸਿਹਤ ਸਮੱਸਿਆ ਆਉਣ ‘ਤੇ ਸਿਹਤ ਵਿਭਾਗ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੀਟਿੰਗ ਦੌਰਾਨ ਭਰੋਸਾ ਦਿੱਤਾ ਕਿ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਦਾ ਹਰ ਮਹਿਕਮਾ ਸਿਹਤ ਵਿਭਾਗ ਨੂੰ ਇਸ ਜਾਗਰੂਕਤਾ ਇਜਲਾਸ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਵਾਉਣੀ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਨਕਲੀ ਸ਼ਰਾਬ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਬਹੁਤ ਹੱਦ ਤੱਕ ਸਪਲਾਈ ਕੀਤੀ ਗਈ ਨਕਲੀ ਸ਼ਰਾਬ ਵੀ ਬਰਾਮਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਹਿਤਿਆਤੀ ਤੌਰ ‘ਤੇ ਪਿੰਡਾਂ ਖਾਸ ਕਰ ਭੱਠਿਆਂ ਅਤੇ ਸ਼ੈਲਰਾਂ ਆਦਿ ਵਿੱਚ ਮਜ਼ਦੂਰਾਂ ਨੂੰ ਨਕਲੀ ਸ਼ਰਾਬ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜੇਕਰ ਕਿਸੇ ਵਿਅਕਤੀ ਵੱਲੋਂ ਦੁਰਘਟਨਾਵਸ਼ ਨਕਲੀ ਸ਼ਰਾਬ ਦੀ ਵਰਤੋਂ ਕਰ ਲਈ ਜਾਂਦੀ ਹੈ ਤਾਂ ਤੁਰੰਤ 112 ਜਾਂ 104 ‘ਤੇ ਇਸਦੀ ਸੂਚਨਾ ਦਿੱਤੀ ਜਾਵੇ ਤਾਂ ਜੋ ਪੀੜਤ ਨੂੰ ਸਮਾਂ ਰਹਿੰਦੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।

ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਈ.ਐਸ.ਆਈ) ਡਾ. ਅਮਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਮੁੱਖ ਮੰਤਰੀ ਫੀਲਡ ਅਫ਼ਸਰ ਜਸਪਿੰਦਰ ਸਿੰਘ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਐਸ.ਡੀ.ਐਮ. ਧੂਰੀ ਅਮਿਤ ਗੁਪਤਾ, ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਡਿਪਟੀ ਡਾਇਰੈਕਟਰ ਸਿਹਤ ਡਾ. ਪਰਮਿੰਦਰ ਕੌਰ, ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ ਅਤੇ ਵੱਡੀ ਗਿਣਤੀ ਵਿੱਚ ਸਿਹਤ ਵਿਭਾਗ ਦੇ ਡਾਕਟਰ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜ਼ਹਿਰੀਲੀ ਸ਼ਰਾਬ ਪੀਣ ਨਾਲ 22 ਮੌ+ਤਾਂ ਤੋਂ ਬਾਅਦ ਪੁਲਿਸ ਅਤੇ ਆਬਕਾਰੀ ਵਿਭਾਗ ਅਲਰਟ ‘ਤੇ, ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ‘ਚ ਰੇਡਾਂ

ਉੱਜੈਨ ਦੇ ਮਹਾਕਾਲ ਮੰਦਰ ‘ਚ ਭਸਮ ਆਰਤੀ ਦੌਰਾਨ ਲੱਗੀ ਅੱਗ, ਕਈ ਪੁਜਾਰੀਆਂ ਸਮੇਤ 13 ਝੁਲਸੇ