ਸਰਦੂਲਗੜ੍ਹ/ਤਲਵੰਡੀ ਸਾਬੋ, 28 ਮਾਰਚ2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬੀਆਂ ਕੋਲ ਚੁਣਨ ਦਾ ਮੌਕਾ ਹੈ ਕਿ ਉਹ ਉਹਨਾਂ ਨੂੰ ਚੁਣਨ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਹਨ ਤੇ ਉਹਨਾਂ ਲਈ ਕੰਮ ਕਰਦੇ ਹਨ ਜਾਂ ਫਿਰ ਬਾਹਰਲੇ ਜੋ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ।ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪੰਜਾਬ ਬਚਾਓ ਯਾਤਰਾ ਤਹਿਤ ਅੱਜ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ ਤੇ ਹਰਸਿਮਰਤ ਕੌਰ ਬਾਦਲ ਦੇ ਨਾਲ ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਹਲਕਿਆਂ ਦਾ ਦੌਰਾ ਕੀਤਾ, ਨੇ ਕਿਹਾ ਕਿ ਇਹ ਹੁਣ ਲੋਕਾਂ ਨੇ ਚੁਣਨਾ ਹੈ ਕਿ ਉਹ ਆਪਣਿਆਂ ਨੂੰ ਚੁਣਦੇ ਹਨ ਜਾਂ ਪਰਾਇਆਂ ਨੂੰ ਚੁਣੇ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਆਪਣੇ ਘਰ ਦੀ ਪਾਰਟੀ ਹੈ ਤੇ ਉਹਨਾਂ ਨੇ ਦਿੱਲੀ ਆਧਾਰਿਤ ਪਾਰਟੀਆਂ ’ਤੇ ਪੰਜਾਬੀਆਂ ਵਿਚ ਭੁਲੇਖੇ ਪੈਦਾ ਕਰਨ ਲਈ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਅਤੇ ਇਹ ਵੀ ਕਿਹਾ ਕਿ ਉਹਨਾਂ ਦੀ ਆਪਣੀ ਸਮਾਜਿਕ, ਧਾਰਮਿਕ ਤੇ ਸਿਆਸੀ ਫੌਜ ਸ਼੍ਰੋਮਣੀ ਅਕਾਲੀ ਦਲ ਹੈ। ਉਹਨਾਂ ਕਿਹਾ ਕਿ ਦੋ ਸਾਲਾਂ ਤੋਂ ਰਚੀ ਜਾ ਰਹੀ ਸਾਜ਼ਿਸ਼ ਬੇਨਕਾਬ ਹੋ ਗਈ ਹੈ ਤੇ ਪੰਜਾਬੀ ਹੁਣ ਝਾੜੂ, ਖੂਨੀ ਪੰਜਾ ਤੇ ਕਮਲ ਦਾ ਫੁੱਲ ਛੱਡ ਕੇ ਤਕੜੀ ’ਤੇ ਵਿਸ਼ਵਾਸ ਕਰਨ ਲਈ ਤਿਆਰ ਹਨ।ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਕ ਵਾਰ ਪੰਜਾਬੀਆਂ ਨੇ ਅਕਾਲੀ ਦਲ ’ਤੇ ਮੁੜ ਵਿਸ਼ਵਾਸ ਕਰ ਲਿਆ ਤਾਂ ਫਿਰ ਦਿੱਲੀ ਦੀਆਂ ਪਾਰਟੀਆਂ ਵੱਲੋਂ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾਉਣ ਦੇ ਕੀਤੇ ਜਾਂਦੇ ਯਤਨ ਫੇਲ੍ਹ ਹੋ ਜਾਣਗੇ।
ਯਾਤਰਾ ਦੌਰਾਨ ਲੋਕਾਂ ਨੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਕਿਵੇਂ ਉਹਨਾਂ ਦੇ ਮੋਟੇ-ਮੋਟੇ ਬਿਜਲੀ ਬਿੱਲ ਆ ਰਹੇ ਹਨ ਤੇ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਸਮੇਤ ਸਮਾਜ ਭਲਾਈ ਸਕੀਮਾਂ ਵਿਚੋਂ ਉਹਨਾਂ ਦੇ ਨਾਂ ਕੱਟ ਦਿੱਤੇ ਗਏ ਹਨ। ਘੋੜੇ ਪਾਲਣ ਵਾਲਿਆਂ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਪਸ਼ੂ ਮੇਲੇ ਬੰਦ ਕਰ ਦਿੱਤੇ ਗਏ ਹਨ। ਸਰਦਾਰ ਬਾਦਲ ਨੇ ਉਹਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਨਾ ਸਿਰਫ ਇਹ ਪਸ਼ੂ ਮੇਲੇ ਦੁਬਾਰਾ ਸ਼ੁਰੂ ਕਰੇਗਾ ਬਲਕਿ ਉਹ ਮਾਰਵਾੜੀ ਘੋੜ ਦੌੜ ਨੂੰ ਵੀ ਉਤਸ਼ਾਹਿਤ ਕਰੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਦਾ ਪੰਥਕ ਤੇ ਖੇਤਰੀ ਸਰੂਪ ਕਾਇਮ ਰੱਖੇਗਾ।
ਉਹਨਾਂ ਕਿਹਾ ਕਿ ਸਾਡਾ ਪੰਥ ਤੇ ਪੰਜਾਬੀਆਂ ਦੀਆਂ ਇੱਛਾਵਾਂ ਦੀ ਰਾਖੀ ਦਾ ਅਮੀਰ ਵਿਰਸਾ ਰਿਹਾ ਹੈ। ਦਿੱਲੀ ਦੀਆਂ ਪਾਰਟੀਆਂ ਸਿਆਸੀ ਲਾਭ ਵਾਸਤੇ ਸਭ ਕੁਝ ਕੁਰਬਾਨ ਕਰ ਦਿੰਦੀਆਂ ਹਨ ਪਰ ਅਕਾਲੀ ਦਲ ਕਦੇ ਵੀ ਆਪਣੇ ਮੂਲ ਸਿਧਾਂਤਾਂ ਤੇ ਕਦਰਾਂ ਕੀਮਤਾਂ ’ਤੇ ਕੋਈ ਸਮਝੌਤਾ ਨਹੀਂ ਕਰੇਗਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਸੱਤਾ ਦੀ ਖੇਡ ਵਿਚ ਨਹੀਂ ਉਲਝੇ ਤੇ ਸਿਰਫ ਪੰਜਾਬੀਆਂ ਨਾਲ ਡੱਟਣ ਦਾ ਫੈਸਲਾ ਲਿਆ।ਉਹਨਾਂ ਕਿਹਾ ਕਿ ਮੈਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਪਿਛਲੇ ਸੱਤ ਸਾਲਾਂ ਦੌਰਾਨ ਇਹਨਾਂ ਦੇ ਕਾਰਜਕਾਲ ਵਿਚ ਬਣਿਆ ਕੋਈ ਵੀ ਵੱਡਾ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਵਿਖਾ ਦੇਣ।
ਉਹਨਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ ਦਿੱਤੀ, ਆਟਾ ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਨਿਕੇਵਲੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਅਤੇ ਵੱਡੇ ਵੱਡੇ ਪ੍ਰੋਜੈਕਟ ਲਿਆਂਦੇ ਹਨ।