ਮਲੇਰਕੋਟਲਾ 28 ਮਾਰਚ 2024 – ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਮਲੇਰਕੋਟਲਾ ਦੇਰ ਹਕੋਟ ਰੋਡ ਤੇ ਸਥਿਤ ਪਿੰਡ ਕਲਿਆਣ ਵਿਖੇ ਬੀਤੇ ਦਿਨੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੰਡ ਦੇ ਸਿੱਖ ਭਾਈਚਾਰੇ ਵੱਲੋਂ ਸਿੱਖ ਮੁਸਲਿਮ ਸਾਂਝਾਂ ਸਮੇਤ ਹੋਰ ਵੱਖ ਵੱਖ ਜਥੇਬੰਦੀਆ ਅਤੇ ਪਿੰਡ ਦੇ ਸਮੂਹ ਮੁਸਲਿਮ ਪ੍ਰੀਵਾਰਾ ਦਾ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਭਰਾਵਾਂ ਵਲੋਂ ਰਮਜ਼ਾਨ ਸ਼ਰੀਫ ਦੇ ਪਾਕ-ਮਹੀਨੇ ਦੇ ਚਲਦਿਆ ਸ਼ਾਨਦਾਰ ਰੋਜ਼ਾ ਅਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ। ਜਿੱਥੇ ਮੁਸਲਿਮ ਭਰਾਵਾਂ ਵੱਲੋਂ ਵੱਡੀ ਗਿਣਤੀ ਵਿੱਚ ਰੋਜ਼ਾ ਅਫਤਾਰੀ ਤੋਂ ਬਾਅਦ ਗੁਰੂ ਘਰ ਵਿੱਚ ਨਮਾਜ਼ ਅਦਾ ਕਰਨ ਤੋਂ ਬਾਅਦ ਸਰਬਤ ਦੇ ਭਲੇ ਦੀ ਦੂਆ ਵੀ ਕੀਤੀ ਗਈ।
ਇਸ ਮੌਕੇ ‘ਤੇ ਮੁਸਲਿਮ ਭਾਈਚਾਰੇ ਵਲੋਂ ਸਿੱਖ ਵੀਰਾਂ ਲਈ ਤੋਹਫ਼ੇ ਵੀ ਦਿਤੇ ਗਏ ਅਤੇ ਮੁਸਲਿਮ ਭਾਈਚਾਰੇ ਵਲੋਂ ਸਮੂਹ ਸੰਗਤ ਦਾ ਇਸ ਲਈ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿੱਖ ਮੁਸਲਿਮ ਸਾਂਝ ਨਾਮਕ ਸਮਾਜ ਸੇਵੀ ਸੰਸਥਾ ਦੇ ਡਾ:ਨਸੀਰ ਅਖਤਰ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਮਾਰਗ ਦਰਸ਼ਨ ਕੀਤਾ ਜਾ ਰਿਹਾ ਸੀ, ਉੱਥੇ ਦੂਜੇ ਪਾਸੇ ਨਮਾਜ਼ ਅਦਾ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਹਿੰਦੂ ਸਿੱਖ ਅਤੇ ਮੁਸਲਿਮ ਭਰਾਵਾਂ ਵੱਲੋਂ ਕਰਵਾਏ ਗਏ, ਇਸ ਅਮਲ ਨੇ ਭਾਈਚਾਰਕ ਸਾਂਝ ਦੀ ਮਿਸਾਲੀ ਮਿਸਾਲ ਕਾਇਮ ਕੀਤੀ ਹੈ। ਉਹਨਾ ਕਿਹਾ ਕਿ ਇਸ ਨਾਲ ਸਮਾਜਿਕ ਤੇ ਧਾਰਮਿਕ ਏਕਤਾ ਮਜ਼ਬੂਤ ਹੁੰਦੀ ਹੈ। ਇਸ ਲਈ ਆਪਣੀ ਧਾਰਮਿਕ ਸੌੜੀ ਸੋਚ ਨੂੰ ਤਿਆਗ ਕੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਧਾਰਮਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਨਾਲ ਆਪਸੀ ਸਾਂਝ ਮਜ਼ਬੂਤ ਹੋਵੇਗੀ, ਭਾਈਚਾਰਾ ਮਜ਼ਬੂਤ ਹੋਵੇਗਾ ਅਤੇ ਦੇਸ਼ ਅੱਗੇ ਵਧੇਗਾ।
ਇਸ ਮੌਕੇ ਹਰਦੇਵ ਸਿੰਘ ਪੱਪੂ ਕਲਿਆਣ,ਗੁਰਚਰਨ ਸਿੰਘ,ਬਾਰਾ ਸਿੰਘ ਸੂਬੇਦਾਰ,ਬਲਵੰਤ ਸਿੰਘ ਕਨੇਡਾ,ਦਿਲਬਾਗ ਸਿੰਘ ਦਾਰਾ,ਸੁਖਦੇਵ ਸਿੰਘ ਪ੍ਰਧਾਨ,ਜਸਪਾਲ ਸਿੰਘ ਪਾਲੀ,ਜਸਵੀਰ ਸਿੰਘ,ਸਤਿਗੁਰ ਸਿੰਘ,ਰਣਜੀਤ ਸਿੰਘ ਕਲਿਆਣ ਆਦਿ ਹਾਜ਼ਰ ਸਨ।ਜਿਥੇ ਕੁੱਝ ਸਰਾਰਤੀ ਲੋਕ ਲੋਕਾਂ ਨੂੰ ਇੱਕ ਦੂਸਰੇ ਪ੍ਰਤੀ ਗੁਮਰਾਹ ਕਰ ਰਹੇ ਹਨ ਓਥੇ ਹੀਂ ਨਫਰਤਾਂ ਦੇ ਬਾਜ਼ਾਰ ਵਿੱਚ ਮੁੱਹਬਤ ਦੀ ਦੁਕਾਨ ਸਿੱਖ ਵੀਰਾਂ ਵੱਲੋਂ ਖੋਲਣ ਵਾਲੀ ਮਿਸਾਲ ਸਾਬਤ ਹੋਈ ਅਤੇ ਦੇਸ਼ ਵਿੱਚ ਫਿਰਕੂ ਤਾਕਤਾ ਨੂੰ ਅੱਜ ਦੇ ਇਸ ਪ੍ਰੋਗਰਾਮਾਂ ਰਾਹੀਂ “ਸਮੁੱਚੀ ਇਨਸਾਨੀਅਤ ਦਾ ਏਕਾ” ਮੂੰਹ ਤੋੜਵਾ ਜਵਾਬ ਹੈ।