ਨਵੀਂ ਦਿੱਲੀ, 31 ਮਾਰਚ 2024 – ਪਾਕਿਸਤਾਨ ਕ੍ਰਿਕਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬਾਬਰ ਆਜ਼ਮ ਨੂੰ ਮੁੜ ਪਾਕਿਸਤਾਨੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਬਾਬਰ ਟੀ-20 ਅਤੇ ਵਨਡੇ ਫਾਰਮੈਟਾਂ ‘ਚ ਪਾਕਿਸਤਾਨੀ ਟੀਮ ਦੀ ਕਮਾਨ ਸੰਭਾਲਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੋਣ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਬਾਬਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਸ਼ਾਨ ਮਸੂਦ ਟੈਸਟ ਟੀਮ ਦੇ ਕਪਤਾਨ ਬਣੇ ਰਹਿਣਗੇ।
ਬਾਬਰ ਆਜ਼ਮ ਨੇ ਭਾਰਤ ਦੀ ਮੇਜ਼ਬਾਨੀ ਵਿੱਚ 2023 ਵਨਡੇ ਵਿਸ਼ਵ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਛੱਡ ਦਿੱਤੀ ਸੀ। ਫਿਰ ਸ਼ਾਹੀਨ ਸ਼ਾਹ ਅਫਰੀਦੀ ਨੂੰ ਟੀ-20 ਦਾ ਕਪਤਾਨ ਬਣਾਇਆ ਗਿਆ। ਜਦਕਿ ਟੈਸਟ ‘ਚ ਸ਼ਾਨ ਮਸੂਦ ਨੂੰ ਕਮਾਨ ਸੌਂਪੀ ਗਈ ਸੀ। ਹਾਲਾਂਕਿ ਕਪਤਾਨ ਬਦਲਣ ਤੋਂ ਬਾਅਦ ਵੀ ਪਾਕਿਸਤਾਨ ਟੀਮ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ।
ਪਾਕਿਸਤਾਨੀ ਟੀਮ ਵਿਸ਼ਵ ਕੱਪ 2023 ਵਿੱਚ ਗਰੁੱਪ ਗੇੜ ਤੋਂ ਬਾਹਰ ਹੋ ਗਈ ਸੀ। ਉਸ ਨੇ 9 ਵਿੱਚੋਂ ਸਿਰਫ਼ 4 ਮੈਚ ਜਿੱਤੇ ਸਨ ਅਤੇ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਸੀ। ਬਾਬਰ ਖੁਦ ਬੱਲੇਬਾਜ਼ੀ ‘ਚ ਜ਼ਿਆਦਾ ਕਮਾਲ ਨਹੀਂ ਦਿਖਾ ਸਕਿਆ। ਕਈ ਦਿੱਗਜਾਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਸੀ। ਅਜਿਹੇ ‘ਚ ਬਾਬਰ ਨੇ 15 ਨਵੰਬਰ 2023 ਨੂੰ ਪਾਕਿਸਤਾਨ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ।
ਹਾਲਾਂਕਿ ਹੁਣ ਪੀਸੀਬੀ ਦੇ ਨਵੇਂ ਚੇਅਰਮੈਨ ਨੇ ਉਨ੍ਹਾਂ ਨੂੰ ਦੁਬਾਰਾ ਕਪਤਾਨੀ ਸੌਂਪਣ ਦਾ ਫੈਸਲਾ ਕੀਤਾ ਹੈ। ਬਾਬਰ ਆਜ਼ਮ ਨੇ ਹੁਣ ਤੱਕ 134 ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨੀ ਟੀਮ ਦੀ ਕਪਤਾਨੀ ਕੀਤੀ ਹੈ। ਇਸ ਦੌਰਾਨ ਟੀਮ ਨੇ 78 ਮੈਚ ਜਿੱਤੇ ਹਨ। ਜਦਕਿ 44 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਬਾਬਰ 1992 ਦੇ ਵਿਸ਼ਵ ਕੱਪ ਜੇਤੂ ਇਮਰਾਨ ਖਾਨ ਤੋਂ ਬਾਅਦ ਦੂਜੇ ਸਭ ਤੋਂ ਸਫਲ ਪਾਕਿਸਤਾਨੀ ਕਪਤਾਨ ਹਨ।