ਨਵੀਂ ਦਿੱਲੀ, 2 ਅਪ੍ਰੈਲ 2024 : ਅੱਜ ਆਪ ਦੇ ਸਾਂਸਦ ਮੈਂਬਰ ਸੰਜੇ ਸਿੰਘ ਦੀ ਕੋਰਟ ਵਿਚ ਪੇਸ਼ੀ ਸੀ ਅਤੇ ਇਸ ਦੌਰਾਨ ਸੰਜੇ ਸਿੰਘ ਨੇ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਸੀ। ਇਸ ਵਾਰ ਈਡੀ ਨੇ ਉਨ੍ਹਾਂ ਦੀ ਜ਼ਮਾਲਤ ਦਾ ਵਿਰੋਧ ਨਹੀਂ ਕੀਤਾ, ਜਿਸ ਕਾਰਨ ਸੰਜੇ ਸਿੰਘ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ।
ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਾਲ ਜਨਵਰੀ ਵਿੱਚ, ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਆਪਣੀ ਚਾਰਜਸ਼ੀਟ ਵਿੱਚ ਸੰਜੇ ਸਿੰਘ ਦਾ ਨਾਮ ਸ਼ਾਮਲ ਕੀਤਾ ਸੀ। ਸੰਜੇ ਸਿੰਘ ਨੇ ਇਸ ਨੂੰ ਲੈ ਕੇ ਦਾਅਵਾ ਕੀਤਾ ਸੀ ਕਿ ਈਡੀ ਨੇ ਗਲਤੀ ਨਾਲ ਉਨ੍ਹਾਂ ਦਾ ਨਾਂ ਜੋੜ ਲਿਆ ਸੀ। ਈਡੀ ਨੇ ਜਵਾਬ ਦਿੱਤਾ ਕਿ ਸਾਡੀ ਚਾਰਜਸ਼ੀਟ ‘ਚ ਚਾਰ ਥਾਵਾਂ ‘ਤੇ ਸੰਜੇ ਸਿੰਘ ਦਾ ਨਾਂ ਲਿਖਿਆ ਗਿਆ ਹੈ। ਇਹਨਾਂ ਵਿੱਚੋਂ ਤਿੰਨ ਥਾਵਾਂ ‘ਤੇ ਨਾਮ ਦੀ ਸਪੈਲਿੰਗ ਸਹੀ ਹੈ। ਸਿਰਫ਼ ਇੱਕ ਥਾਂ ‘ਤੇ ਟਾਈਪਿੰਗ ਦੀ ਗਲਤੀ ਸੀ। ਜਿਸ ਤੋਂ ਬਾਅਦ ਈਡੀ ਨੇ ਸੰਜੇ ਸਿੰਘ ਨੂੰ ਮੀਡੀਆ ‘ਚ ਬਿਆਨ ਨਾ ਦੇਣ ਦੀ ਸਲਾਹ ਦਿੱਤੀ ਸੀ, ਕਿਉਂਕਿ ਮਾਮਲਾ ਅਦਾਲਤ ‘ਚ ਵਿਚਾਰ ਅਧੀਨ ਹੈ।
ਈਡੀ ਦੀ ਚਾਰਜਸ਼ੀਟ ‘ਚ ਸੰਜੇ ਸਿੰਘ ‘ਤੇ 82 ਲੱਖ ਰੁਪਏ ਦਾ ਚੰਦਾ ਲੈਣ ਦਾ ਦੋਸ਼ ਹੈ। ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਦੀ ਦੂਜੀ ਸਪਲੀਮੈਂਟਰੀ ਚਾਰਜਸ਼ੀਟ 2 ਮਈ ਨੂੰ ਜਾਰੀ ਕੀਤੀ ਗਈ ਸੀ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ ਉਸ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਹੈ।