ਚੰਡੀਗੜ੍ਹ, 3 ਅਪ੍ਰੈਲ 2024 – ਲੁਧਿਆਣਾ ਵਿੱਚ ਇੱਕ ਵਿਆਹ ਦੇ ਸਮਾਗਮ ਵਿੱਚ ਮਹਿਲਾ ਡਾਂਸਰ ਅਤੇ ਨੌਜਵਾਨ ਵਿਚਾਲੇ ਵਿਵਾਦ ਹੋਣ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ। ਹੁਣ ਇਸ ਮਾਮਲੇ ‘ਚ ਪੰਜਾਬ ਮਹਿਲਾ ਕਮਿਸ਼ਨ ਦੀ ਵੀ ਐਂਟਰੀ ਹੋ ਗਈ ਹੈ। ਮਹਿਲਾ ਕਮਿਸ਼ਨ ਦੀ ਚੇਅਰਮੈਨ ਨੇ ਇਸ ਮਾਮਲੇ ‘ਚ ਸੋ-ਮੋਟੋ ਨੋਟਿਸ ਲੈਂਦਿਆਂ ਇਸ ਮਾਮਲੇ ‘ਚ ਦਰਜ ਹੋਏ ਕੇਸ ਦੀ ਜਾਂਚ ਡਿਪਟੀ ਸੁਪਰਡੰਟ ਆਫ ਪੁਲਿਸ ਰੈਂਕ ਦੇ ਅਧਿਕਾਰੀ ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਹੀ ਇੱਕ ਹਫਤੇ ‘ਚ ਇਸ ਮਾਮਲੇ ‘ਚ ਕੀਤੀ ਗਈ ਕਾਰਵਾਈ ਦੀ ਸਟੇਟਸ ਰਿਪੋਰਟ ਵੀ ਮੰਗੀ ਹੈ, ਤਾਂ ਜੋ ਸਬੰਧਿਤ ਮਾਮਲੇ ‘ਚ ਅਗਲੀ ਕਾਰਵਾਈ ਕੀਤੀ ਜਾ ਸਕੇ।
ਵਿਆਹ ਦੌਰਾਨ ਇੱਕ ਮਹਿਲਾ ਡਾਂਸਰ ਅਤੇ ਇੱਕ ਨੌਜਵਾਨ ਵਿੱਚ ਝਗੜਾ ਹੋ ਗਿਆ ਸੀ। ਮਹਿਲਾ ਡਾਂਸਰ ਅਨੁਸਾਰ ਉਹ ਉਸ ਨੂੰ ਸ਼ਰਾਬ ਦੇ ਨਸ਼ੇ ‘ਚ ਸਟੇਜ ਤੋਂ ਹੇਠਾਂ ਉਤਰ ਕੇ ਡਾਂਸ ਕਰਨ ਲਈ ਕਹਿ ਰਿਹਾ ਸੀ। ਉਸ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਦੋਹਾਂ ਨੇ ਇੱਕ-ਦੂਜੇ ਨੂੰ ਕਾਫੀ ਗਾਲਾਂ ਵੀ ਕੱਢੀਆਂ ਅਤੇ ਇਸ ਦੌਰਾਨ ਮੁੰਡੇ ਨੇ ਡਾਂਸਰ ‘ਤੇ ਪੈਗ ਵਾਲਾ ਗਲਾਸ ਵੀ ਸੁੱਟਿਆ। ਹਾਲਾਂਕਿ ਬਾਅਦ ਵਿੱਚ ਡੀਜੇ ਵਾਲਾ ਡਾਂਸਰ ਨੂੰ ਉੱਥੋਂ ਲੈ ਗਿਆ। ਡਾਂਸਰ ਅਤੇ ਨੌਜਵਾਨ ਵਿਚਾਲੇ ਹੋਏ ਝਗੜੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਡਾਂਸਰ ਮਹਿਲਾ ਅਨੁਸਾਰ ਨੌਜਵਾਨ ਪੁਲਿਸ ਮੁਲਜ਼ਮ ਦਾ ਰੀਡਰ ਦੱਸਿਆ ਜਾਂਦਾ ਹੈ। ਉੱਥੇ ਹੀ ਥਾਣਾ ਸਮਰਾਲਾ ਦੇ ਏਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਕਿ ਨੌਜਵਾਨ ਕਿਸੇ ਪੁਲੀਸ ਮੁਲਾਜ਼ਮ ਦਾ ਰੀਡਰ ਹੈ ਜਾਂ ਨਹੀਂ। ਸ਼ਿਕਾਇਤ ਲਿਖਵਾਈ ਗਈ ਹੈ। ਦੋਵਾਂ ਧਿਰਾਂ ਨੂੰ ਬੁਲਾ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।