ਨਵੀਂ ਦਿੱਲੀ, 6 ਅਪ੍ਰੈਲ 2024 – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀਆਂ ਨੂੰ ਨਹੀਂ ਬਖਸ਼ੇਗੀ ਅਤੇ ਉਨ੍ਹਾਂ ਦਾ ਹਿਸਾਬ-ਕਿਤਾਬ ਕੀਤਾ ਜਾਵੇਗਾ ਭਾਵੇਂ ਉਹ ਪਾਕਿਸਤਾਨ ਵਿੱਚ ਲੁਕੇ ਹੋਣ। ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਇੱਕ ਪੁੱਛੇ ਗਏ ਸਵਾਲ ‘ਚ, ‘ਕੀ ਤੁਸੀਂ 20 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ? ਦੇ ਜਵਾਬ ‘ਚ ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਕਿ ਜੇਕਰ ਸਾਡੇ ਗੁਆਂਢੀ ਦੇਸ਼ ਤੋਂ ਕੋਈ ਵੀ ਅੱਤਵਾਦੀ ਭਾਰਤ ਨੂੰ ਪਰੇਸ਼ਾਨ ਕਰਦਾ ਹੈ ਜਾਂ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਇੱਥੇ ਅੱਤਵਾਦੀ ਕਾਰਵਾਈਆਂ ਕਰਦਾ ਹੈ ਤਾਂ ਅਸੀਂ ਇਸ ਦਾ ਢੁਕਵਾਂ ਜਵਾਬ ਦੇਵਾਂਗੇ। ਜੇਕਰ ਉਹ ਪਾਕਿਸਤਾਨ ਭੱਜ ਗਿਆ ਹੈ ਤਾਂ ਅਸੀਂ ਪਾਕਿਸਤਾਨ ਵਿੱਚ ਦਾਖਲ ਹੋ ਕੇ ਉਸ ਨੂੰ ਮਾਰ ਦੇਵਾਂਗੇ।
ਰਾਜਨਾਥ ਸਿੰਘ ਬ੍ਰਿਟਿਸ਼ ਅਖਬਾਰ ‘ਦਿ ਗਾਰਡੀਅਨ’ ਦੀ ਉਸ ਰਿਪੋਰਟ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ, ਜਿਸ ‘ਚ ਭਾਰਤ ਨੇ ਪਾਕਿਸਤਾਨ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਹੈ। ਰਿਪੋਰਟ ‘ਚ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ‘ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਨੀਤੀ ਲਾਗੂ ਕੀਤੀ ਹੈ, ਜਿਨ੍ਹਾਂ ਨੂੰ ਉਹ ਆਪਣਾ ਦੁਸ਼ਮਣ ਸਮਝਦਾ ਹੈ ਅਤੇ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ, ਭਾਰਤੀ ਖੁਫੀਆ ਏਜੰਸੀ ਰਾਅ (ਰਿਸਰਚ ਐਂਡ ਐਨਾਲਿਸਿਸ ਵਿੰਗ) ਨੇ ਘੱਟੋ-ਘੱਟ 20 ਅਜਿਹੇ ਲੋਕਾਂ ਨੂੰ ਮਾਰ ਦਿੱਤਾ ਹੈ ਜੋ ਲੋਕ ਭਾਰਤ ਵਿਰੁੱਧ ਸਾਜ਼ਿਸ਼ ਰਚ ਰਹੇ ਸਨ।
ਰਾਜਨਾਥ ਨੇ ਕਿਹਾ- ਜੋ ਵੀ ਹੋਵੇ, ਇਤਿਹਾਸ ‘ਤੇ ਨਜ਼ਰ ਮਾਰੋ. ਅੱਜ ਤੱਕ ਅਸੀਂ ਦੁਨੀਆ ਦੇ ਕਿਸੇ ਵੀ ਦੇਸ਼ ‘ਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇਸ਼ ਦੀ ਇਕ ਇੰਚ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਭਾਰਤ ਦਾ ਸੁਭਾਅ ਰਿਹਾ ਹੈ। ਪਰ ਜੇਕਰ ਕੋਈ ਵਾਰ-ਵਾਰ ਭਾਰਤ ‘ਤੇ ਨਜ਼ਰ ਮਾਰਦਾ ਹੈ, ਭਾਰਤ ਆ ਕੇ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਨ੍ਹਾਂ ਨੂੰ ਬਖਸ਼ਾਂਗੇ ਨਹੀਂ।
ਪਰ ਇੱਥੇ ਇਹ ਗੱਲ ਦੱਸ ਦਈਏ ਕਿ ਰਾਜਨਾਥ ਸਿੰਘ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਭਾਰਤ ਨੇ ‘ਦਾ ਗਾਰਡੀਅਨ’ ਦੀ ਰਿਪੋਰਟ ਦਾ ਖੰਡਨ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ‘ਦਾ ਗਾਰਡੀਅਨ’ ਦੀ ਰਿਪੋਰਟ ‘ਚ ਲਗਾਏ ਗਏ ਦੋਸ਼ਾਂ ਨੂੰ ‘ਝੂਠਾ, ਮੰਦਭਾਗਾ ਅਤੇ ਭਾਰਤ ਵਿਰੋਧੀ ਪ੍ਰਚਾਰ’ ਕਰਾਰ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਈ ਮੌਕਿਆਂ ‘ਤੇ ਇਹ ਵੀ ਕਿਹਾ ਹੈ ਕਿ ਦੂਜੇ ਦੇਸ਼ਾਂ ਵਿਚ ਨਿਸ਼ਾਨਾ ਬਣਾ ਕੇ ਹੱਤਿਆਵਾਂ ਕਰਨਾ ਭਾਰਤ ਸਰਕਾਰ ਦੀ ‘ਨੀਤੀ’ ਦਾ ਹਿੱਸਾ ਨਹੀਂ ਹਨ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਆਪਣੇ ਸਾਰੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾਏ ਰੱਖਣ ਦਾ ਇਰਾਦਾ ਰੱਖਦੀ ਹੈ ਅਤੇ ਭਾਰਤ ਨੇ ਕਦੇ ਵੀ ਕਿਸੇ ਦੇਸ਼ ‘ਤੇ ਹਮਲਾ ਨਹੀਂ ਕੀਤਾ।