- ਅਰਸ਼ਦੀਪ ਸਿੰਘ ਕਲੇਰ ਨੇ ਇਸਨੂੰ ਆਪ ਸਰਕਾਰ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਦੁਆਉਣ ਦੀ ਕੋਸ਼ਿਸ਼ ਕਰਾਰ ਦਿੱਤਾ
ਚੰਡੀਗੜ੍ਹ, 6 ਅਪ੍ਰੈਲ 2024: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਵਿਚ ਫਸਾਉਣਾ ਚਾਹੁੰਦੇ ਹਨ ਤੇ ਉਹਨਾਂ ਮੰਨਿਆ ਹੈ ਕਿ ਉਹ ਪਿਛਲੀ ਕਾਂਗਰਸ ਸਰਕਾਰ ਵੱਲੋਂ ਸਰਦਾਰ ਮਜੀਠੀਆ ਖਿਲਾਫ ਦਰਜ ਕੀਤੇ ਪੁਰਾਣੇ ਝੂਠੇ ਕੇਸ ਦੀ ਫਾਈਲ ਨੂੰ ਮੁੜ ਲਿਖ ਰਹੇ ਹਨ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਦੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸ੍ਰੀ ਭਗਵੰਤ ਮਾਨ ਨੇ ਸਰਦਾਰ ਮਜੀਠੀਆ ਖਿਲਾਫ ਦਰਜ ਝੂਠੇ ਨਸ਼ਾ ਕੇਸ ਦੇ ਮੁੱਖ ਜਾਂਚਕਰਤਾ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਅਕਾਲੀ ਆਗੂ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਕਿਉਂਕਿ ਅਕਾਲੀ ਆਗੂ ਨੂੰ ਨਸ਼ਾ ਤਸਕਰੀ ਨਾਲ ਜੋੜਨ ਦਾ ਕੋਈ ਸਬੂਤ ਜਾਂ ਲਿੰਕ ਨਹੀਂ ਹੈ।
ਇਸਨੂੰ ਸਰਦਾਰ ਮਜੀਠੀਆ ਦੇ ਅਕਸ ਨੂੰ ਢਾਹ ਲਾਉਣ ਅਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਅਸਫਲਤਾਵਾਂ ਤੋਂ ਧਿਆਨ ਪਾਸੇ ਕਰਨ ਦਾ ਯਤਨ ਕਰਾਰ ਦਿੰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਆਪ ਸਰਕਾਰ ਸਰਦਾਰ ਮਜੀਠੀਆ ਦੇ ਖਿਲਾਫ ਕੇਸ ਵਿਚ ਵਾਰ-ਵਾਰ ਐਸ ਆਈ ਟੀ ਦਾ ਪੁਨਰਗਠਨ ਕਰਨ ਦੇ ਬਾਵਜੂਦ ਕੋਈ ਸਬੂਤ ਇਕੱਠਾ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਇਕ ਪਾਸੇ ਪ੍ਰਵਾਨ ਕਰ ਰਹੇ ਹਨ ਕਿ ਕੇਸ ਜੋ ਪਿਛਲੀ ਕਾਂਗਰਸ ਸਰਕਾਰ ਨੇ ਦਰਜ ਕੀਤਾ, ਉਹ ਝੂਠਾ ਹੈ ਪਰ ਇਸਦੇ ਬਾਵਜੂਦ ਉਹ ਸਿਆਸੀ ਬਦਲਾਖੋਰੀ ਜਾਰੀ ਰੱਖਣਾ ਚਾਹੁੰਦੇ ਹਨ।
ਐਡਵੋਕੇਟ ਕਲੇਰ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਨਸ਼ਾ ਤਸਕਰੀ ਕੇਸ ਵਿਚ ਜਾਂਚ ਵਾਸਤੇ ਐਸ ਆਈ ਟੀ ਦੇ ਮੁਖੀ ਵਾਰ-ਵਾਰ ਬਦਲੇ ਤਾਂ ਜੋ ਅਕਾਲੀ ਆਗੂ ਦੇ ਖਿਲਾਫ ਪਹਿਲਾਂ ਤੋਂ ਤੈਅ ਨਤੀਜਾ ਲਿਆ ਜਾ ਸਕੇ। ਉਹਨਾਂ ਕਿਹਾ ਕਿ ਬਜਾਏ ਅਜਿਹੇ ਕੰਮਾਂ ਵਿਚ ਉਲਝਣ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਆਪਣਾ ਧਿਆਨ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦਰੁੱਸਤ ਕਰਨ, ਨਸ਼ਾ ਤਸਕਰੀ ਵਿਚ ਹੋਏ ਚੋਖੇ ਵਾਧੇ ਨੂੰ ਨਕੇਲ ਪਾਉਣ ਅਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਦੀ ਚੋਣ ਮੁਹਿੰਮਾਂ ਦੀ ਫੰਡਿੰਗ ਰੋਕਣ ਵੱਲ ਲਗਾਉਣਾ ਚਾਹੀਦਾ ਹੈ।