ਖਟਕੜ ਕਲਾਂ, 7 ਅਪ੍ਰੈਲ 2024 – ਅੱਜ ਪੰਜਾਬ ਦੇ ਖਟਕੜ ਕਲਾਂ ਵਿਖੇ CM ਭਗਵੰਤ ਮਾਨ ਅਤੇ ਪਾਰਟੀ ਦੇ ਕਈ ਵੱਡੇ ਆਗੂ ਵਿਸ਼ਾਲ ਵਰਤ ਲਈ ਪੁੱਜੇ ਹਨ। ਅੱਜ 7 ਅਪ੍ਰੈਲ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ‘ਆਪ’ ਆਗੂ ਤੇ ਵਰਕਰ ਦੇਸ਼ ਭਰ ‘ਚ ਭੁੱਖ ਹੜਤਾਲ ਕਰ ਰਹੀ ਹੈ।
ਜ਼ਿਲ੍ਹਾ ਹੈੱਡਕੁਆਰਟਰ ਵਿੱਚ ਵੀ ਵਰਤ ਚੱਲ ਰਿਹਾ ਹੈ। ਪੰਜਾਬ ਦੇ ਜ਼ਿਲ੍ਹਿਆਂ ਵਿੱਚ ਵਲੰਟੀਅਰਾਂ ਨੇ ਮੁੱਖ ਦਫ਼ਤਰਾਂ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਉਨ੍ਹਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਨੇ ਖਟਕੜ ਕਲਾਂ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਧਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਦਲ-ਬਦਲੂਆਂ ‘ਤੇ ਚੁਟਕੀ ਲੈਂਦਿਆਂ ਸੀ.ਐਮ ਮਾਨ ਨੇ ਕਿਹਾ ਕਿ ਸਾਨੂੰ ਦੇਸ਼ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ। ਜਿਸ ਨੇ ਕੱਲ੍ਹ ਜਾਣਾ ਸੀ ਚਾਹੇ ਅੱਜ ਜਾ ਚਲਾ ਜਾਏ। ਸੀਐਮ ਭਗਵੰਤ ਮਾਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ ਭ੍ਰਿਸ਼ਟਾਚਾਰ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਸਾਨ ਨਹੀਂ, ਇੱਕ ਵਿਚਾਰ ਹਨ। ਇਸ ਦੇ ਨਾਲ ਹੀ ਭਾਜਪਾ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਭ੍ਰਿਸ਼ਟ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਵੀ ਕਹਿਣ, ਭ੍ਰਿਸ਼ਟਾਚਾਰੀਆਂ ਨੂੰ ਨਹੀਂ ਰਹਿਣ ਦੇਣਗੇ। ਉਨ੍ਹਾਂ ਦਾ ਮਤਲਬ ਇਹ ਹੈ ਕਿ ਮੈਂ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਾਂਗਾ। ਇਸ ਦੇ ਨਾਲ ਹੀ ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਤਾਨਾਸ਼ਾਹੀ ਰਵੱਈਆ ਅਪਣਾ ਕੇ ਭਾਜਪਾ ਸੱਚ ਨੂੰ ਦਬਾਅ ਕੇ ਲੋਕਤੰਤਰ ਦਾ ਸ਼ਰੇਆਮ ਘਾਣ ਕਰ ਰਹੀ ਹੈ… ਹੁਣ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਡਰ ਸਤਾ ਰਿਹਾ ਹੈ ਕਿ ਸਾਡੇ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਦਾ ਕੀ ਬਣੂਗਾ। ਹਾਲਤ ਇਹ ਹਨ ਕਿ ਤਾਨਾਸ਼ਾਹ ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਦੀ ਆਵਾਜ਼ ਨੂੰ ਦਬਾਅ ਦਿੱਤਾ ਜਾਂਦਾ ਹੈ… ਕੋਈ ਵੀ ਖ਼ਬਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ… ਸਮਝ ਨਹੀਂ ਆਉਂਦੀ ਕਿ ਅਸੀਂ ਅੰਗਰੇਜ਼ਾਂ ਦੇ ਰਾਜ ‘ਚ ਅਜ਼ਾਦ ਸੀ ਜਾਂ ਹੁਣ ਹਾਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ ਦੇਸ਼ ਦੇ ਲੋਕਤੰਤਰ ਲਈ ਦਿੱਤੀ ਕੁਰਬਾਨੀ ਅੱਜ ਖ਼ਤਰੇ ਵਿੱਚ ਹੈ… ਆਓ ਇਕੱਠੇ ਹੋ ਕੇ ਇਹਨਾਂ ਤਾਨਾਸ਼ਾਹੀ ਲੀਡਰਾਂ ਤੋਂ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਨੂੰ ਬਚਾਈਏ।
ਉਥੇ ਹੀ ਮਾਨ ਨੇ ਕਿਹਾ ਕਿ ਭਾਜਪਾ ਹੁਣ ਆਪ ਪਾਰਟੀ ਤੋਂ ਡਰਦੀ ਹੈ, ਭਾਜਪਾ ਨੂੰ 26 ਸਾਲਾਂ ਬਾਅਦ ਪਾਰਲੀਮੈਂਟ ‘ਚ 2 ਸੀਟਾਂ ਆਈਆਂ ਸੀ ਤੇ ਕਾਂਗਰਸ ਦਾ 45 ਸਾਲਾਂ ਬਾਅਦ ਪਹਿਲਾ ਕੌਂਸਲਰ ਜਿੱਤਿਆ ਸੀ… ‘ਆਪ’ 10 ਸਾਲਾਂ ‘ਚ ਨੈਸ਼ਨਲ ਪਾਰਟੀ ਬਣ ਗਈ… ਹੁਣ ਵਿਰੋਧੀਆਂ ਨੂੰ ਇਹੀ ਡਰ ਸਤਾ ਰਿਹਾ ਹੈ।