- ਕਿਹਾ- ਮੈਂ ਰਾਜਨੀਤੀ ਵਿੱਚ ਨਹੀਂ ਆ ਰਿਹਾ
ਚੰਡੀਗੜ੍ਹ, 9 ਅਪ੍ਰੈਲ 2024 – ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜਨ ਦੀ ਚਰਚਾ ਸੀ।
ਉਨ੍ਹਾਂ ਵੱਲੋਂ ਚੋਣ ਲੜਨ ਦੀਆਂ ਚਰਚਾਵਾਂ ਦੌਰਾਨ ਸੰਜੇ ਦੱਤ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ ਅਤੇ ਨਾ ਹੀ ਚੋਣ ਲੜ ਰਿਹਾ ਹਾਂ। ਜੇਕਰ ਮੈਂ ਰਾਜਨੀਤਿਕ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕਰਦਾ ਹਾਂ, ਤਾਂ ਮੈਂ ਇਸਦਾ ਐਲਾਨ ਕਰਨ ਵਾਲਾ ਪਹਿਲਾ ਵਿਅਕਤੀ ਹੋਵਾਂਗਾ। ਕਿਰਪਾ ਕਰਕੇ ਹੁਣ ਤੱਕ ਮੇਰੇ ਬਾਰੇ ਖਬਰਾਂ ਵਿੱਚ ਜੋ ਵੀ ਚੱਲ ਰਿਹਾ ਹੈ ਉਸ ‘ਤੇ ਵਿਸ਼ਵਾਸ ਕਰਨ ਤੋਂ ਬਚੋ।
ਦਰਅਸਲ, ਇਸ ਤੋਂ ਪਹਿਲਾਂ ਚਰਚਾ ਸ਼ੁਰੂ ਹੋ ਗਈ ਸੀ ਕਿ ਕਾਂਗਰਸ ਕਰਨਾਲ ਲੋਕ ਸਭਾ ਸੀਟ ‘ਤੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੇ ਖਿਲਾਫ ਬਾਲੀਵੁੱਡ ਸਟਾਰ ਸੰਜੇ ਦੱਤ ਨੂੰ ਉਤਾਰ ਸਕਦੀ ਹੈ। ਕਾਂਗਰਸ ਹਾਈਕਮਾਨ ਨੇ ਸੰਜੇ ਦੱਤ ਦਾ ਨਾਂ ਪੈਨਲ ਵਿੱਚ ਸ਼ਾਮਲ ਕੀਤਾ ਹੈ।
ਸੋਨੀਆ ਗਾਂਧੀ, ਮੱਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ ਦੀ ਮੌਜੂਦਗੀ ‘ਚ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ‘ਚ ਕਰਨਾਲ ਸੀਟ ‘ਤੇ ਸੰਜੇ ਦੱਤ ਦੇ ਨਾਂ ‘ਤੇ ਚਰਚਾ ਹੋਈ ਸੀ ਪਰ ਹੁਣ ਸੰਜੇ ਦੱਤ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ।