ਸ਼ਿਮਲਾ, 10 ਅਪ੍ਰੈਲ 2024 – ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਪੁਲਿਸ ਦੀ ਵਿਸ਼ੇਸ਼ ਜਾਂਚ ਯੂਨਿਟ (SIT) ਨੇ ਮੰਗਲਵਾਰ ਦੇਰ ਰਾਤ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਸਮੇਤ 5 ਲੋਕਾਂ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਮੁਲਜ਼ਮਾਂ ਕੋਲੋਂ 42.89 ਗ੍ਰਾਮ ਚਿੱਟਾ ਅਤੇ ਵਜ਼ਨ ਤੋਲਣ ਵਾਲਾ ਇੱਕ ਕੰਡਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਹੋਟਲ ਵਿੱਚ ਨੌਜਵਾਨਾਂ ਵੱਲੋਂ ਨਸ਼ਾ ਲੈਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਟੀਮ ਦੇ ਨਾਲ ਦੇਰ ਰਾਤ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਇਕ ਨਿੱਜੀ ਹੋਟਲ ਦੇ ਕਮਰੇ ਵਿੱਚ ਛਾਪਾ ਮਾਰਿਆ। ਕਮਰੇ ਵਿੱਚ ਇੱਕ ਔਰਤ ਸਮੇਤ ਕੁੱਲ 5 ਲੋਕ ਸਨ। ਇਸ ਦੌਰਾਨ ਮੁਲਜ਼ਮਾਂ ਕੋਲੋਂ ਚਿੱਟਾ ਬਰਾਮਦ ਹੋਇਆ। ਪੁਲੀਸ ਨੇ ਮੁਲਜ਼ਮ ਦੀ ਥਾਰ ਗੱਡੀ ਵੀ ਕਬਜ਼ੇ ਵਿੱਚ ਲੈ ਲਈ ਹੈ। ਇਸ ਤੋਂ ਬਾਅਦ ਉਸ ਨੂੰ ਸਦਨ ਥਾਣਾ ਸ਼ਿਮਲਾ ਲਿਜਾਇਆ ਗਿਆ। ਪੁਲਿਸ ਪੁੱਛਗਿੱਛ ‘ਚ ਕਈ ਅਹਿਮ ਜਾਣਕਾਰੀਆਂ ਮਿਲ ਸਕਦੀਆਂ ਹਨ।
ਫੜੇ ਗਏ ਮੁਲਜ਼ਮਾਂ ਵਿੱਚ ਤਿੰਨ ਪੰਜਾਬ, ਇੱਕ ਚੰਡੀਗੜ੍ਹ ਅਤੇ ਇੱਕ ਹਿਮਾਚਲ ਦਾ ਰਹਿਣ ਵਾਲਾ ਹੈ। ਇਨ੍ਹਾਂ ਦੀ ਪਛਾਣ ਪ੍ਰਕਾਸ਼ ਸਿੰਘ (37) ਪੁੱਤ ਸੁੱਚਾ ਸਿੰਘ ਲੰਗਾਹ ਵਾਸੀ ਗੁਰਦਾਸਪੁਰ ਪੰਜਾਬ, ਅਜੈ ਕੁਮਾਰ (27) ਪੁੱਤਰ ਚਮਨ ਲਾਲ ਵਾਸੀ ਨੂਰਖੋਦੀਆਂ ਪੰਜਾਬ ਯੂਨੀਵਰਸਿਟੀ ਪਟਿਆਲਾ, ਅਵਨੀ (19) ਪੁੱਤਰੀ ਵਿਕਾਸ ਨੇਗੀ ਪਿੰਡ ਸੰਗਲਾ ਕਿੰਨਰ ਹਿਮਾਚਲ, ਸ਼ੁਭਮ ਕੌਸ਼ਲ (26) ਪੁੱਤਰ ਸੰਦੀਪ ਕੌਸ਼ਲ ਵਾਸੀ ਬਲਾਕ ਏ ਸੈਕਟਰ-1 ਚੰਡੀਗੜ੍ਹ ਅਤੇ ਬਲਜਿੰਦਰਾ (22) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨੱਡਾ ਮੋਹਾਲੀ ਪੰਜਾਬ ਵਜੋਂ ਹੋਈ ਹੈ।