ਮੋਹਾਲੀ, 10 ਅਪ੍ਰੈਲ 2024 – ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿੱਚ ਆਪਣੀ ਤੀਜੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 23ਵੇਂ ਮੈਚ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 2 ਦੌੜਾਂ ਨਾਲ ਹਰਾਇਆ।
ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਮੰਗਲਵਾਰ ਨੂੰ ਪੰਜਾਬ ਦੇ ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 182 ਦੌੜਾਂ ਬਣਾਈਆਂ। ਜਵਾਬ ‘ਚ ਪੰਜਾਬ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ‘ਤੇ 180 ਦੌੜਾਂ ਹੀ ਬਣਾ ਸਕੀ।
SRH ਦੇ ਨਿਤੀਸ਼ ਕੁਮਾਰ ਰੈੱਡੀ ਨੇ 37 ਗੇਂਦਾਂ ‘ਤੇ 64 ਦੌੜਾਂ ਦੀ ਪਾਰੀ ਖੇਡੀ। ਉਸਨੇ ਆਈਪੀਐਲ ਵਿੱਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਅਬਦੁਲ ਸਮਦ ਨੇ 25 ਦੌੜਾਂ ਬਣਾਈਆਂ। ਪੰਜਾਬ ਵੱਲੋਂ ਅਰਸ਼ਦੀਪ ਸਿੰਘ ਨੇ 4 ਵਿਕਟਾਂ ਲਈਆਂ। ਹਰਸ਼ਲ ਪਟੇਲ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਪੀਬੀਕੇਐਸ ਲਈ ਸ਼ਸ਼ਾਂਕ ਸਿੰਘ ਨੇ ਨਾਬਾਦ 46 ਅਤੇ ਆਸ਼ੂਤੋਸ਼ ਸ਼ਰਮਾ ਨੇ ਨਾਬਾਦ 33 ਦੌੜਾਂ ਬਣਾਈਆਂ। ਸੈਮ ਕੁਰਾਨ ਨੇ 29 ਅਤੇ ਸਿਕੰਦਰ ਰਜ਼ਾ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਐਸਆਰਐਚ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਦੋ ਵਿਕਟਾਂ ਹਾਸਲ ਕੀਤੀਆਂ।