ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ 2024 – ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਹਲਕਾ ਗਿੱਦੜਬਾਹਾ ਦੇ ਪਿੰਡ ਬੁੱਟਰ ਸ਼ਰੀਹ ਵਿੱਚ ਇੱਕ ਕਾਰ ਹਾਦਸੇ ‘ਚ 3 ਲੋਕਾਂ ਦੀ ਜਾਨ ਚਲੀ ਗਈ ਹੈ। ਜਦਕਿ ਕਾਰ ਵਿਚ ਸਵਾਰ ਦੋ ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ। ਸਪੀਡ ਜ਼ਿਆਦਾ ਹੋਣ ਕਾਰਨ ਡਰਾਈਵਰ ਕਾਰ ‘ਤੇ ਕੰਟਰੋਲ ਨਹੀਂ ਰੱਖ ਸਕਿਆ ਅਤੇ ਕਾਰ ਦਰੱਖਤ ਨਾਲ ਟਕਰਾ ਗਈ। ਕਾਰ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਹੀ ਸੀ।
ਚਸ਼ਮਦੀਦਾਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ। ਤੇਜ਼ ਰਫ਼ਤਾਰ ਟੋਇਟਾ ਕਾਰ ਬਠਿੰਡਾ ਤੋਂ ਮੁਕਤਸਰ ਵੱਲ ਜਾ ਰਹੀ ਸੀ। ਫਿਰ ਗਿੱਦੜਬਾਹਾ ਦੇ ਪਿੰਡ ਬੁੱਟਰ ਸ਼ਰੀਹ ਨੇੜੇ ਕਾਰ ਆਪਣਾ ਸੰਤੁਲਨ ਗੁਆ ਬੈਠੀ। ਜਿਸ ਤੋਂ ਬਾਅਦ ਕਾਰ ਸਿੱਧੀ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ। ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ ਤੋਂ ਬਾਅਦ ਕਾਰ ਅੰਦਰ ਵੱਲ ਨੂੰ ਧਸ ਗਈ। ਡਰਾਈਵਰ ਅਤੇ ਨਾਲ ਦੀ ਸੀਟ ‘ਤੇ ਬੈਠੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਪੁਲਿਸ ਅਤੇ ਐਂਬੂਲੈਂਸ ਸੇਵਾ ਨੂੰ ਸੂਚਿਤ ਕੀਤਾ ਗਿਆ। ਤਿੰਨਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਤੀਜੇ ਵਿਅਕਤੀ ਦੀ ਵੀ ਜਾਨ ਚਲੀ ਗਈ। ਦੋ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।