ਹੁਸ਼ਿਆਰਪੁਰ, 12 ਅਪ੍ਰੈਲ 2024 – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚ ‘ਸਵੀਪ’ ਤਹਿਤ ਲਗਾਤਾਰ ਵੋਟਰ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਦਾ ਉਦੇਸ਼ ਇਸ ਵਾਰ 70 ਫੀਸਦੀ ਤੋਂ ਵੱਧ ਵੋਟਾਂ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਇਸੇ ਲੜੀ ਤਹਿਤ ਹੁਸ਼ਿਆਰਪੁਰ ਦੇ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਡਫਲੀ ਵਜਾਉਂਦੇ ਹੋਏ ਹੁਸ਼ਿਆਰਪੁਰ ਰੇਲਵੇ ਸਟੇਸ਼ਨ ’ਤੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ।
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਹੁਸ਼ਿਆਰਪੁਰ ਤੋਂ ਜਲੰਧਰ ਜਾਣ ਵਾਲੀ ਡੀ.ਐਮ.ਯੂ ਰੇਲ ਗੱਡੀ, ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ ਅਤੇ ਪਲੇਟਫਾਰਮ ’ਤੇ ਪਹੁੰਚ ਕੇ ਲੋਕਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੋਟ ਦੇ ਮਹੱਤਵ ਦੇ ਸਬੰਧੀ ਜਾਗਰੂਕ ਕਰਦਿਆਂ 100 ਫੀਸਦੀ ਵੋਟਾਂ ਲਈ ਪ੍ਰੇਰਿਤ ਕੀਤਾ। ਸਹਾਇਕ ਨੋਡਲ ਅਫ਼ਸਰ ਮੀਡੀਆ ਐਂਡ ਕਮਿਊਨੀਕੇਸ਼ਨ ਰਜਨੀਸ਼ ਗੁਲਿਆਨੀ ਅਤੇ ਨੀਰਜ ਧੀਮਾਨ ਨੇ ਯਾਤਰੀਆਂ ਨੂੰ ਵੋਟ ਪਾਉਣ ਲਈ ਕਿਹਾ ਅਤੇ ਪੋਸਟਰਾਂ, ਸਲੋਗਨਾਂ ਅਤੇ ਤਖ਼ਤੀਆਂ ਲੈ ਕੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ। ਪ੍ਰੀਤ ਕੋਹਲੀ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਸਭ ਦਾ ਅਧਿਕਾਰ ਹੈ। ਇਸ ਲਈ ਸਾਰੇ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਪ੍ਰੀਤ ਕੋਹਲੀ ਨੇ ਰੇਲ ਯਾਤਰੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਵੋਟ ਪਾਉਣ ਲਈ ਪੇ੍ਰਰਿਤ ਕਰਨ ਲਈ ਦੇਸ਼ ਭਗਤੀ ਦੇ ਗੀਤਾਂ ਨਾਲ ਰੇਲ ਯਾਤਰੀਆਂ ਦਾ ਧਿਆਨ ਖਿੱਚਿਆ। ਇਸ ਦੌਰਾਨ ਈ.ਵੀ.ਐਮ ਅਤੇ ਵੀ.ਵੀ ਪੈਟ ਦਾ ਡੈਮੋ ਵੀ ਦਿਖਾਇਆ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੋਟ ਪ੍ਰਤੀਸ਼ਤਤਾ ਨੂੰ ਵੱਧ ਤੋਂ ਵੱਧ ਵਧਾਉਣ ਲਈ ਯਤਨਸ਼ੀਲ ਹੈ, ਇਸ ਲਈ ਵੱਖ-ਵੱਖ ਜਾਗਰੂਕਤਾ ਮੁਹਿੰਮ ਪੂਰੇ ਦੇਸ਼ ਵਿਚ ਚਲਾਈ ਜਾ ਰਹੀ ਹੈ। ਇਸ ਤਹਿਤ ਪੋਸਟਰਾਂ, ਬੈਨਰਾਂ, ਸਲੋਗਨਾਂ ਅਤੇ ਗੱਲਬਾਤ ਸਮੇਤ ਵੱਖ-ਵੱਖ ਸੰਚਾਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ।