- ਸਾਰੇ ਬੱਚਿਆਂ ਦੀ ਉਮਰ 8 ਮਹੀਨੇ ਤੋਂ 10 ਸਾਲ ਦੇ ਵਿਚਕਾਰ
ਨਵੀਂ ਦਿੱਲੀ, 12 ਅਪ੍ਰੈਲ 2024 – ਪਾਕਿਸਤਾਨ ਦੇ ਲਾਹੌਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਿਆਨਕ ਗਰੀਬੀ ਤੋਂ ਪਰੇਸ਼ਾਨ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ 7 ਨਾਬਾਲਗ ਬੱਚਿਆਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪੁਲਿਸ ਦੇ ਇੰਸਪੈਕਟਰ ਜਨਰਲ ਤੋਂ ਮਾਮਲੇ ਦੀ ਰਿਪੋਰਟ ਮੰਗੀ ਹੈ।
ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਦਾ ਆਪਣੀ ਪਤਨੀ ਨਾਲ ਅਕਸਰ ਝਗੜਾ ਰਹਿੰਦਾ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਉਸਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਦੁੱਧ ਨਹੀਂ ਪਿਲਾ ਸਕਦਾ ਸੀ।
ਪੁਲੀਸ ਅਨੁਸਾਰ ਮੁਲਜ਼ਮ ਦੀ ਪਛਾਣ ਸੱਜਾਦ ਖੋਖਰ ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਮਜ਼ਦੂਰ ਹੈ। ਸੱਜਾਦ ਮੁਜ਼ੱਫਰਗੜ੍ਹ ਜ਼ਿਲ੍ਹੇ ਦੇ ਅਲੀਪੁਰ ਵਿੱਚ ਆਪਣੀ 42 ਸਾਲਾ ਪਤਨੀ ਕੌਸਰ ਅਤੇ ਸੱਤ ਨਾਬਾਲਗ ਬੱਚਿਆਂ ਨਾਲ ਰਹਿੰਦਾ ਸੀ। ਜਿਨ੍ਹਾਂ ਦਾ ਉਸ ਨੇ ਕਥਿਤ ਤੌਰ ‘ਤੇ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਮਾਰੇ ਗਏ ਨਾਬਾਲਗ ਬੱਚਿਆਂ ‘ਚ 4 ਲੜਕੀਆਂ ਅਤੇ 3 ਲੜਕੇ ਸ਼ਾਮਲ ਹਨ, ਜਿਨ੍ਹਾਂ ‘ਚ ਸਭ ਤੋਂ ਵੱਡਾ ਬੱਚਾ ਸਿਰਫ 10 ਸਾਲ ਦਾ ਅਤੇ ਸਭ ਤੋਂ ਛੋਟਾ ਬੱਚਾ ਸਿਰਫ 8 ਮਹੀਨੇ ਦਾ ਸੀ।