- ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ
ਅੰਮ੍ਰਿਤਸਰ, 13 ਅਪ੍ਰੈਲ 2024 – ਪੰਜ ਸਿੰਘ ਸਾਹਿਬਾਨ ਵੱਲੋਂ 325ਵੇਂ ਖਾਲਸਾ ਸਾਜਣਾ ਦਿਵਸ ਮੌਕੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਘਰਾਂ ’ਤੇ ਖਾਲਸਈ ਝੰਡੇ ਝੁਲਾਉਣ ਦੇ ਆਦੇਸ਼ ਮੁਤਾਬਿਕ ਅੱਜ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸਮੂਹ ਵਿਚ ਖਾਲਸਈ ਨਿਸ਼ਾਨ ਝੁਲਾਏ ਗਏ। ਇਸ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੁਲਾਜ਼ਮਾਂ ਨੇ ਸਮੂਹਕ ਰੂਪ ਵਿਚ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸਿੰਘ ਸਾਹਿਬਾਨ ਦੇ ਹਰਇਕ ਆਦੇਸ਼ ਦਾ ਸਿੱਖ ਕੌਮ ਲਈ ਵੱਡਾ ਮਹੱਤਵ ਹੁੰਦਾ ਹੈ, ਜਿਸ ਦੀ ਪਾਲਣਾ ਕਰਨਾ ਕੌਮ ਦੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿਥੇ ਹਰ ਘਰ ਅੰਦਰ ਸਿੱਖਾਂ ਨੇ ਖਾਲਸਈ ਝੰਡੇ ਝੁਲਾ ਕੇ 325ਵੇਂ ਖਾਲਸਾ ਸਾਜਣਾ ਦਿਵਸ ਨੂੰ ਇਤਿਹਾਸਕ ਬਣਾਉਣਾ ਹੈ, ਉਥੇ ਹੀ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੁਲਾਜ਼ਮ ਪਰਿਵਾਰ ਵੱਲੋਂ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਸਵੈਮਾਣ ਨਾਲ ਜਿਊਣ ਦਾ ਰਾਹ ਦਿਖਾਇਆ। ਸਾਡਾ ਸਭ ਦਾ ਫ਼ਰਜ਼ ਹੈ ਕਿ ਗੁਰੂ ਸਾਹਿਬ ਵੱਲੋਂ ਸਾਜੇ ਖਾਲਸੇ ਦੇ ਮਨੋਰਥ ਅਨੁਸਾਰ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹੀਏ। ਇਸ ਮੌਕੇ ਉਨ੍ਹਾਂ ਸਮੁੱਚੀ ਕੌਮ ਨੂੰ ਖਾਲਸਾ ਸਾਜਣਾ ਦਿਵਸ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਬਿਜੈ ਸਿੰਘ, ਸ. ਪ੍ਰੀਤਪਾਲ ਸਿੰਘ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ, ਸ. ਜਸਵਿੰਦਰ ਸਿੰਘ ਜੱਸੀ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਗੁਰਨਾਮ ਸਿੰਘ, ਸ. ਹਰਜਭਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸੁਪਰਡੈਂਟ ਸ. ਨਿਸ਼ਾਨ ਸਿੰਘ ਤੇ ਸਮੂਹ ਮੁਲਾਜ਼ਮ ਮੌਜੂਦ ਸਨ।