ਮੁੰਬਈ, 15 ਅਪ੍ਰੈਲ 2024 – ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮਾਂ ਦੀਆਂ ਪੁਲਿਸ ਵੱਲੋਂ ਤਸਵੀਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਫਾਇਰਿੰਗ ਕਰਨ ਵੇਲੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਹ ਤਸਵੀਰਾਂ ਇਸ ਲਈ ਜਾਰੀ ਕੀਤੀਆਂ ਗਈਆਂ ਹਨ ਕਿ ਸ਼ੂਟਰਾਂ ਦੇ ਮੁਲਕ ਛੱਡ ਕੇ ਭੱਜਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਦੀ ਭਾਲ ‘ਚ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਹੀ ਨਹੀਂ, ਇਸ ਹਮਲੇ ਤੋਂ ਬਾਅਦ ਸਲਮਾਨ ਖ਼ਾਨ ਨੂੰ ਜ਼ੈੱਡ+ ਸਕਿਉਰਿਟੀ ਦੇਣ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ।
ਐਤਵਾਰ ਸਵੇਰੇ 5 ਵਜੇ ਬਾਂਦਰਾ ‘ਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਦੋ ਮੋਟਰ-ਸਾਈਕਲ ਸਵਾਰ ਸ਼ੂਟਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਦੋ ਬਾਈਕ ‘ਤੇ ਆਏ ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ। ਗੋਲੀਬਾਰੀ ਦੇ ਸਮੇਂ ਸਲਮਾਨ ਆਪਣੇ ਘਰ ਵਿੱਚ ਹੀ ਮੌਜੂਦ ਸਨ। ਘਟਨਾ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਲਮਾਨ ਖਾਨ ਨਾਲ ਫੋਨ ‘ਤੇ ਗੱਲ ਕੀਤੀ। ਸ਼ਿੰਦੇ ਨੇ ਮੁੰਬਈ ਪੁਲਿਸ ਕਮਿਸ਼ਨਰ ਨੂੰ ਸਲਮਾਨ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ।
ਇਸ ਫਾਇਰਿੰਗ ਦੀ ਘਟਨਾ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਖਾਨ ਨੂੰ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਲਈ ਸੀ। ਉਸ ਨੇ ਇਕ ਪੋਸਟ ਸਾਂਝੀ ਕਰ ਕੇ ਇਹ ਦੱਸਿਆ ਸੀ ਕਿ ਇਹ ਤਾਂ ਸਿਰਫ਼ ਟ੍ਰੇਲਰ ਸੀ, ਫਿਲਮ ਤਾਂ ਹਾਲੇ ਬਾਕੀ ਹੈ। ਇਸ ਤੋਂ ਬਾਅਦ ਹੋਰ ਵੀ ਵੱਡੀ ਕਾਰਵਾਈ ਹੋ ਸਕਦੀ ਹੈ।